ਕੁਲਦੀਪ ਸਿੰਘ
ਚੰਡੀਗੜ੍ਹ, 7 ਅਕਤੂਬਰ
ਇੱਥੋਂ ਦੇ ਸੈਕਟਰ 43 ਸਥਿਤ ਅੰਤਰਰਾਜੀ ਬੱਸ ਅੱਡੇ ਉੱਤੇ ਆਉਣ-ਜਾਣ ਵਾਲੀਆਂ ਬੱਸਾਂ ਦਾ ਹਿਸਾਬ-ਕਿਤਾਬ ਰੱਖਣ ਲਈ ਲਗਾਏ ਗਏ ‘ਬੂਮ ਬੈਰੀਅਰ’ ਉੱਤੇ ਕਥਿਤ ਭ੍ਰਿਸ਼ਟਾਚਾਰ ਦਾ ਖੁਲਾਸਾ ਹੋਇਆ ਹੈ। ਇੱਥੇ ਰੋਜ਼ਾਨਾ ਵੱਡੀ ਗਿਣਤੀ ਬੱਸਾਂ ਦੀ ਐਂਟਰੀ ਕੰਪਿਊਟਰ ਦੇ ਸਰਵਰ ਵਿੱਚੋਂ ਕਥਿਤ ਤੌਰ ’ਤੇ ਡਿਲੀਟ ਕਰ ਕੇ ਕਰਮਚਾਰੀਆਂ ਵੱਲੋਂ ਜਿੱਥੇ ਆਪਣੀਆਂ ਤੇ ਆਪਣੇ ਆਕਾਵਾਂ ਦੀਆਂ ਜੇਬਾਂ ਗਰਮ ਕੀਤੀਆਂ ਜਾਂਦੀਆਂ ਰਹੀਆਂ ਉੱਥੇ ਸੀ.ਟੀ.ਯੂ. ਨੂੰ ਵੀ ਲੱਖਾਂ ਕਰੋੜਾਂ ਰੁਪਏ ਦਾ ਚੂਨਾ ਲਗਾ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਸੈਕਟਰ 43 ਦੇ ਅੰਤਰਰਾਜੀ ਬੱਸ ਅੱਡੇ ਵਿੱਚ ਰੋਜ਼ਾਨਾ ਆਉਣ‘ਜਾਣ ਵਾਲੀਆਂ ਬੱਸਾਂ ਦਾ ਹਿਸਾਬ-ਕਿਤਾਬ ਰੱਖਣ ਲਈ ਬਕਾਇਦਾ ‘ਬੂਮ ਬੈਰੀਅਰ’ ਲਗਾਇਆ ਹੋਇਆ ਹੈ ਜਿਸ ਉੱਤੇ ਸੀ.ਟੀ.ਯੂ. ਵੱਲੋਂ ਆਊਟਸੋਰਸਿੰਗ ਰਾਹੀਂ ਭਰਤੀ ਕੀਤੇ ਸਟਾਫ਼ ਨੂੰ ਤਾਇਨਾਤ ਕੀਤਾ ਹੋਇਆ ਹੈ।
ਵਿਭਾਗ ਦੇ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਸੈਕਟਰ 43 ਬੱਸ ਅੱਡੇ ਦੇ ਬੂਮ ਬੈਰੀਅਰ ਤੋਂ ਇੱਕ ਅੰਦਾਜ਼ੇ ਅਨੁਸਾਰ ਰੋਜ਼ਾਨਾ 400 ਦੇ ਕਰੀਬ ਬੱਸਾਂ ਦੀ ਐਂਟਰੀ ਡਿਲੀਟ ਕਰ ਦਿੱਤੀ ਜਾਂਦੀ ਸੀ ਅਤੇ ਲੱਖਾਂ ਰੁਪਏ ਉਡਾ ਦਿੱਤੇ ਜਾਂਦੇ ਸਨ।
ਅੱਡੇ ਵਿੱਚ ਆਉਣ ਜਾਣ ਵਾਲੀ ਹਰੇਕ ਬੱਸ ਦੀ ਕੱਟੀ ਜਾਂਦੀ ਹੈ ਪਰਚੀ
ਇਸ ਬੱਸ ਅੱਡੇ ਵਿੱਚ ਆਉਣ ਵਾਲੀ ਹਰੇਕ ਬੱਸ ਦੀ ਐਂਟਰੀ ਦਰਜ ਕੀਤੀ ਜਾਂਦੀ ਹੈ ਅਤੇ ਅੱਡੇ ਦੇ ਅੰਦਰ ਬੱਸ ਖੜ੍ਹੀ ਕਰਨ ਦੇ ਸਮੇਂ ਮੁਤਾਬਕ ਪਰਚੀ ਕੱਟੀ ਜਾਂਦੀ ਹੈ। ਸੂਤਰ ਦੱਸਦੇ ਹਨ ਕਿ ਜੇਕਰ ਬੱਸ ਇੱਕ ਵਾਰ ਅੱਡੇ ਵਿੱਚ ਦਾਖਲ ਹੋ ਕੇ ਬਾਹਰ ਨਿਕਲ ਜਾਂਦੀ ਹੈ ਤਾਂ 200 ਰੁਪਏ ਦੀ ਪਰਚੀ ਕੱਟੀ ਜਾਂਦੀ ਹੈ। ਇੱਕ ਘੰਟੇ ਤੋਂ ਵੱਧ ਖੜ੍ਹਨ ਵਾਲੀ ਬੱਸ ਦਾ 400 ਰੁਪਏ ਅਤੇ ਰਾਤ ਭਰ ਖੜ੍ਹਨ ਵਾਲੀ ਬੱਸ ਦੇ 600 ਰੁਪਏ ਵਸੂਲੇ ਜਾਂਦੇ ਹਨ।
ਚੋਰੀ ਫੜਨ ਵਾਲਾ ਸਰਕਾਰੀ ਅਧਿਕਾਰੀ ਬਦਲਿਆ
ਬੱਸ ਅੱਡੇ ਉੱਤੇ ਰੋਜ਼ਾਨਾ ਹੋ ਰਹੀ ਇਸ ਚੋਰੀ ਦਾ ਪਰਦਾਫਾਸ਼ ਹੋਣ ਮਗਰੋਂ ਕੱਚੇ ਕਰਮਚਾਰੀਆਂ (ਦੋਵੇਂ ਡੇਟਾ ਐਂਟਰੀ ਅਪਰੇਟਰਾਂ) ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਪ੍ਰੰਤੂ ਨਾਲ ਦੀ ਨਾਲ ਚੋਰੀ ਫੜਨ ਵਾਲੇ ਅਧਿਕਾਰੀ ਨੂੰ ਵੀ ਬਦਲ ਦਿੱਤਾ ਗਿਆ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਸ ਭ੍ਰਿਸ਼ਟਾਚਾਰ ਪਿੱਛੇ ਕਿਸੇ ‘ਵੱਡੇ ਮਗਰਮੱਛ’ ਦਾ ਹੱਥ ਹੋ ਸਕਦਾ ਹੈ।
ਬੇਨਿਯਮੀਆਂ ਕਾਰਨ ਮੁਲਾਜ਼ਮ ਹਟਾਏ: ਡਾਇਰੈਕਟਰ
ਸੀ.ਟੀ.ਯੂ. ਦੇ ਡਾਇਰੈਕਟਰ ਪ੍ਰਦੁੱਮਣ ਸਿੰਘ ਐੱਚ.ਸੀ.ਐੱਸ. ਨੇ ਕਿਹਾ ਕਿ ਬੂਮ ਬੈਰੀਅਰ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਜਿੱਥੇ ਕੁਝ ਬੇਨਿਯਮੀਆਂ ਹੋਣ ਕਰਕੇ ਵਰਕਰਾਂ ਨੂੰ ਹਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਭਵਿੱਖ ਵਿੱਚ ਬੈਰੀਅਰ ਉੱਤੇ ਫਾਸਟੈਗ ਨਾਲ ਹੀ ਐਂਟਰੀਆਂ ਕੀਤੀਆਂ ਜਾਣਗੀਆਂ ਅਤੇ ਮੈਨੁਅਲ ਰਿਕਾਰਡ ਵੀ ਰੱਖਿਆ ਜਾ ਰਿਹਾ ਹੈ।