ਸ਼ਸ਼ੀ ਪਾਲ ਜੈਨ
ਖਰੜ, 10 ਜੂਨ
ਇਥੇ ਵਾਰਡ ਨੰ. 26 ਦੇ ਪਿੰਡ ਨਿਆਂਸ਼ਹਿਰ ਬਡਾਲਾ ਵਿੱਚ ਗੰਦਾ ਪਾਣੀ ਪੀਣ ਕਾਰਨ ਪਿਛਲੇ 2 ਦਿਨਾਂ ਤੋਂ ਪੇਚਸ਼ ਦੇ ਮਰੀਜ਼ਾਂ ਦਾ ਮਿਲਣਾ ਜਾਰੀ ਹੈ ਅਤੇ ਸਿਹਤ ਵਿਭਾਗ ਵੱਲੋਂ ਪਿੰਡ ਵਿੱਚ ਸਰਵੇ ਕਰਕੇ ਇਨ੍ਹਾਂ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪਿੰਡ ਵਿੱਚ ਬਰਸਾਤੀ ਪਾਈਪਾਂ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਸਬੰਧਤ ਠੇੇਕੇਦਾਰ ਵੱਲੋਂ ਪਹਿਲਾਂ ਪਾਈ ਵਾਟਰ ਸਪਲਾਈ ਅਤੇ ਸੀਵਰੇਜ ਦੀ ਲਾਈਨ ਤੋੜ ਦਿੱਤੀ ਗਈ ਸੀ। ਇਸ ਕਾਰਨ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਨਾਲ ਮਿਕਸ ਹੋ ਗਿਆ ਅਤੇ ਵੱਡੀ ਗਿਣਤੀ ਪਿੰਡ ਵਾਸੀ ਪੇਚਸ਼ ਦੀ ਮਾਰ ਹੇਠ ਆ ਗਏ। ਖਰੜ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੰਗੀਤ ਆਹਲੂਵਾਲੀਆ ਵੱਲੋਂ ਇਸ ਸਬੰਧੀ ਠੇਕੇਦਾਰ ਨੂੰ ਸਖਤ ਚਿਤਾਵਨੀ ਦਿੱਤੀ ਗਈ ਅਤੇ ਕੰਮ ਨੂੰ ਸੁਚਾਰੂ ਰੂਪ ’ਚ ਕਰਨ ਦੇ ਨਿਰਦੇਸ਼ ਦਿੱਤੇ ਗਏ।
ਇਸੇ ਦੌਰਾਨ ਘੜੂੰਆਂ ਦੀ ਐਸਐਮਓ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਅੱਜ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਦੇ 360 ਘਰਾਂ ਦਾ ਸਰਵੇ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਦੇ ਸਰਵੇ ਦੌਰਾਨ 100 ਮਰੀਜ਼ ਪਾਏ ਗਏ ਜਿਨ੍ਹਾਂ ਵਿੱਚ ਪੇਚਸ਼ ਦੇ ਹਲਕੇ ਲੱਛਣ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਦਵਾਈਆਂ ਅਤੇ ਇੰਜੈਕਸ਼ਨ ਦਿੱਤੇ ਗਏ ਹਨ। ਪਿੰਡ ਵਿੱਚ ਪਾਣੀ ਦੀ ਸਪਲਾਈ ਟੈਂਕਰ ਰਾਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਮਰੀਜ਼ ਖਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੰਗੀਤ ਆਹਲੂਵਾਲੀਆ ਨੇ ਦੱਸਿਆ ਕਿ ਪਾਣੀ ਦੀ ਲਾਈਨ ਮੁਰੰਮਤ ਕਰਕੇ ਜੋੜ ਦਿੱਤੀ ਗਈ ਹੈ ਅਤੇ ਉਸ ਪਾਈਪ ਲਾਈਨ ਵਿੱਚ ਜੋ ਪਹਿਲਾਂ ਪਾਣੀ ਮੌਜੂਦ ਸੀ। ਉਸ ਨੂੰ ਡਰੇਨ ਆਊਟ ਕਰਕੇ ਸਾਫ਼ ਪਾਣੀ ਛੱਡਿਆ ਜਾ ਰਿਹਾ ਹੈ।
ਨਗਰ ਕੌਂਸਲ ਲੀਕੇਜ ਦਾ ਨੁਕਸ ਲੱਭਣ ਵਿੱਚ ਅਸਫ਼ਲ
ਕੁਰਾਲੀ (ਪੱਤਰ ਪੇ੍ਰਕ): ਸ਼ਹਿਰ ਦੇ ਵਾਰਡ ਨੰਬਰ 12 ਦੀਆਂ ਕਲੋਨੀਆਂ ਵਿੱਚ ਫੈਲੇ ਪੇਚਸ਼ ਦਾ ਕਾਰਨ ਲੱਭਣ ਵਿੱਚ ਨਗਰ ਕੌਂਸਲ ਹਾਲੇ ਵੀ ਅਸਫਲ ਹੈ। ਪੀਣ ਵਾਲੇ ਪਾਣੀ ਲਈ ਤਰਸ ਰਹੇ ਵਾਰਡ ਵਾਸੀਆਂ ਦੀ ਸਾਰ ਲੈਂਦਿਆਂ ਮਾਰਸ਼ਲ ਗਰੁੱਪ ਨੇ ਅੱਜ ਨੌਜਵਾਨ ਆਗੂ ਰਣਜੀਤ ਸਿੰਘ ਕਾਕਾ ਦੀ ਅਗਵਾਈ ਵਿੱਚ ਪਾਣੀ ਦੀਆਂ 1500 ਬੋਤਲਾਂ ਘਰ ਘਰ ਪਹੁੰਚਾਈਆਂ। ਦੂਜੇ ਪਾਸੇ ਪੇਚਸ਼ ਦੀ ਬਿਮਾਰੀ ਦੀ ਜੜ੍ਹ ਲੱਭਣ ਲਈ ਕੌਂਸਲ ਦੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੋ ਰਹੀਆਂ ਹਨ। ਕੌਂਸਲ ਵਲੋਂ ਭਾਵੇਂ ਵਾਰਡ ਦੀਆਂ ਅਨੇਕਾਂ ਥਾਵਾਂ ’ਤੇ ਪੁਟਾਈ ਕੀਤੀ ਗਈ ਹੈ ਪਰ ਕਿਸੇ ਵੀ ਥਾਂ ਤੋਂ ਦੂਸ਼ਿਤ ਪਾਣੀ ਦੇ ਜਲ ਸਪਲਾਈ ਪਾਈਪਾਂ ਵਿੱਚ ਦਾਖਲ ਹੋਣ ਦਾ ਸੰਕੇਤ ਨਹੀਂ ਮਿਲਿਆ।