ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ
ਨੌਰਦਰਨ ਰੇਲਵੇ ਮੈਨਜ਼ ਯੂਨੀਅਨ ਸਰਹਿੰਦ ਬਰਾਂਚ ਵੱਲੋਂ ਦੇਸ਼ ਵਿਆਪੀ ਭੁੱਖ ਹੜਤਾਲ ਦੇ ਰੂਪ ਵਿੱਚ ਕੀਤੇ ਸੰਘਰਸ਼ ਦੇ ਹਿੱਸੇ ਵਜੋਂ ਅੱਜ ਸਰਹਿੰਦ ਰੇਲਵੇ ਸਟੇਸ਼ਨ ਵਿਖੇ ਨੌਰਦਰਨ ਰੇਲਵੇ ਮੈਨਜ਼ ਯੂਨੀਅਨ ਸਰਹਿੰਦ ਬਰਾਂਚ ਦੇ ਪ੍ਰਧਾਨ ਜਸਮੇਰ ਸਿੰਘ ਅਤੇ ਬਰਾਂਚ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਭੁੱਖ ਹੜਤਾਲ ਹੇਠ ਕੀਤੀ ਗਈ। ਆਗੂਆਂ ਨੇ ਸਾਰਿਆਂ ਨੂੰ ਇਕਜੁੱਟ ਹੋਣ ਲਈ ਪ੍ਰੇਰਿਆ ਅਤੇ ਮੰਗਾਂ ਪੂਰੀਆਂ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਸ੍ਰੀ ਕਾਹਲੋਂ ਨੇ ਕਿਹਾ ਕਿ ਰੇਲਵੇ ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਐੱਨਪੀਐੱਸ ਸਕੀਮ ਰੱਦ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਰੇਲਵੇ ਵਿੱਚ ਠੇਕੇਦਾਰੀ ਪ੍ਰਥਾ ਨੂੰ ਖ਼ਤਮ ਕਰਨਾ, ਰੇਲਵੇ ਵਿੱਚ ਖਾਲੀ ਅਸਾਮੀਆਂ ਨੂੰ ਜਲਦੀ ਭਰਨਾ, ਭਾਰਤੀ ਰੇਲਵੇ ਵਿੱਚ ਨਿਗਮੀਕਰਨ ਅਤੇ ਨਿੱਜੀਕਰਨ ਨੂੰ ਬੰਦ ਕਰਨਾ, ਸੇਫ਼ਟੀ ਕੈਟਾਗਰੀ ਵਿੱਚ ਵੱਧ ਤੋਂ ਵੱਧ ਸਟਾਫ਼ ਭਰਤੀ ਕਰਨਾ, ਸੇਫ਼ਟੀ ਕੈਟਾਗਿਰੀ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਨਾ, ਟਰੈਕ ਮੈਨ, ਐੱਸਐੱਮਟੀ ਅਤੇ ਤਕਨੀਕੀ ਕਰਮਚਾਰੀਆਂ ਲਈ ਕੰਮ ਕਰਨ ਦੇ ਹਾਲਾਤ ਵਿੱਚ ਸੁਧਾਰ ਕਰਨ ਸਮੇਤ ਹੋਰ ਕਈ ਮੰਗਾਂ ਸ਼ਾਮਲ ਹਨ। ਇਸ ਮੌਕੇ ਬਰਾਂਚ ਪ੍ਰਧਾਨ ਜਸਮੇਰ ਸਿੰਘ, ਸਹਾਇਕ ਸਕੱਤਰ ਮਨਜੀਤ ਸਿੰਘ, ਰੋਹਿਤ ਕੁਮਾਰ, ਖ਼ਜ਼ਾਨਚੀ ਗੁਰਦੀਪ ਸਿੰਘ, ਆਦਿ ਹਾਜ਼ਰ ਸਨ।