ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਨਵੰਬਰ
ਇੱਥੋਂ ਦੇ ਪਿੰਡ ਖੁੱਡਾ ਅਲੀਸ਼ੇਰ ’ਚ ਸਥਿਤ ਘਰ ਵਿੱਚੋਂ ਸੀਆਈਐੱਸਐੱਫ ਦੇ ਜਵਾਨ ਅਤੇ ਉਸ ਦੀ ਪਤਨੀ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਸੈਕਟਰ 11 ਦੀ ਪੁਲੀਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸੈਕਟਰ 16 ਦੇ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖ ਦਿੱਤਾ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਗੁਰਜਿੰਦਰ ਸਿੰਘ ਅਤੇ ਭੁਪਿੰਦਰ ਕੌਰ ਵਜੋਂ ਹੋਈ ਹੈ।
ਸੀਆਈਐੱਸਐੱਫ ਦਾ ਜਵਾਨ ਗੁਰਜਿੰਦਰ ਸਿੰਘ ਅਤੇ ਉਸ ਦੀ ਪਤਨੀ ਭੁਪਿੰਦਰ ਕੌਰ ਦੋਵੇਂ ਹੀ ਪਿੰਡ ਖੁੱਡਾ ਅਲੀਸ਼ੇਰ ’ਚ ਸਥਿਤ ਘਰ ਵਿੱਚ ਰਹਿੰਦੇ ਸਨ। ਇਨ੍ਹਾਂ ਨੂੰ ਜਦੋਂ ਰਿਸ਼ਤੇਦਾਰਾਂ ਨੇ ਲੰਘੇ ਦਿਨ ਫੋਨ ਕੀਤਾ ਤਾਂ ਦੋਵਾਂ ਨੇ ਫੋਨ ਨਹੀਂ ਚੁੱਕਿਆ। ਇਸ ’ਤੇ ਰਿਸ਼ਤੇਦਾਰਾਂ ਨੇ ਘਰ ਪਹੁੰਚ ਕੇ ਦੇਖਿਆ ਜਿੱਥੇ ਦੋਵਾਂ ਦੀਆਂ ਲਾਸ਼ਾਂ ਬੈੱਡ ’ਤੇ ਪਈਆਂ ਸਨ। ਉਨ੍ਹਾਂ ਇਸ ਦੀ ਜਾਣਕਾਰੀ ਚੰਡੀਗੜ੍ਹ ਪੁਲੀਸ ਨੂੰ ਦਿੱਤੀ। ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦੀ ਮੁੱਢਲੀ ਜਾਂਚ ਦੌਰਾਨ ਘਟਨਾ ਵਾਲੀ ਥਾਂ ਤੋਂ ਕੋਈ ਖੁਦਕੁਸ਼ੀ ਪੱਤਰ ਨਹੀਂ ਮਿਲਿਆ।
ਪੁਲੀਸ ਦਾ ਮੰਨਣਾ ਹੈ ਕਿ ਦੋਵਾਂ ਦੀ ਮੌਤ ਕੋਈ ਜ਼ਹਿਰੀਲੀ ਵਸਤੂ ਨਿਗਲਣ ਕਰਕੇ ਹੋਈ ਹੈ। ਸੈਕਟਰ 11 ਦੀ ਪੁਲੀਸ ਨੇ ਦੋਵਾਂ ਦੀ ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦੀ ਪਤਾ ਲੱਗ ਸਕੇਗਾ।