ਚੰਡੀਗੜ੍ਹ, 30 ਮਾਰਚ
ਹਿਜਾਬ ਸਬੰਧੀ ਆਪਣੀ ਟਿੱਪਣੀ ਨਾਲ ਸੁਰਖੀਆਂ ਵਿੱਚ ਆਉਣ ਦੇ ਕੁਝ ਦਿਨਾਂ ਮਗਰੋਂ ਮਿਸ ਯੂਨੀਵਰਸ-2021 ਹਰਨਾਜ਼ ਸੰਧੂ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੀ ਯੂਥ ਹੋਣ ਦੇ ਨਾਤੇ ਉਨ੍ਹਾਂ ਨੇ ਇਸ ਮੁੱਦੇ ’ਤੇ ਸਿਰਫ਼ ਆਪਣਾ ਨਜ਼ਰੀਆ ਸਾਂਝਾ ਕੀਤਾ ਸੀ। ਹਰਨਾਜ਼ ਨੇ ਕਿਹਾ ਕਿ ਵਿਚਾਰ ਅਧੀਨ ਮਾਮਲਾ ਕੁਝ ਅਜਿਹਾ ਹੈ ਜਿਸ ਬਾਰੇ ਉਨ੍ਹਾਂ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਇਸ ਮੁੱਦੇ ’ਤੇ ‘ਬੋਲਣ’ ਦੀ ਲੋੜ ਹੈ, ਕਿਉਂਕਿ ‘‘ਉਹ ਆਪਣੇ ਅਨੁਸਾਰ ਜਿਊਣ ਦੇਣ ਵਿੱਚ ਯਕੀਨ ਕਰਦੀ ਹੈ।’’ ਇੱਥੇ ਇੱਕ ਸਮਾਗਮ ਵਿੱਚ ਹਰਨਾਜ਼ ਸੰਧੂ ਨੇ ਕਿਹਾ, ‘‘ਆਪਣੇ ਦੇਸ਼ ਦੀ ਯੂਥ ਹੋਣ ਦੇ ਨਾਤੇ… ਮੈਂ ਮਾਸਟਰਜ਼ ਇਨ ਪਬਲਿਕ ਐਡਮਿਨਿਟਰੇਸ਼ਨ ਦੀ ਵਿਦਿਆਰਥਣ ਹਾਂ ਅਤੇ ਦੁਨੀਆਂ ਵਿੱਚ ਜੋ ਕੁਝ ਹੋੋ ਰਿਹਾ ਹੈ, ਉਸ ਬਾਰੇ ਤੁਹਾਡਾ ਨਜ਼ਰੀਆ ਹੋਣਾ ਜ਼ਰੂਰੀ ਹੈ।’’ ਦੱਸਣਯੋਗ ਹੈ ਕਿ ਹਰਨਾਜ਼ ਸੰਧੂ ਨੇ ਕੁਝ ਦਿਨ ਪਹਿਲਾਂ ਮੁੰਬਈ ਵਿੱਚ ਸਮਾਗਮ ਦੌਰਾਨ ਸਵਾਲ ਦੇ ਜਵਾਬ ਵਿੱਚ ਸਮਾਜ ਨੂੰ ਅਪੀਲ ਕੀਤੀ ਸੀ ਕਿ ਹਿਜਾਬ ਸਣੇ ਹੋਰ ਮੁੱਦਿਆਂ ਨੂੰ ਲੈ ਕੇ ਲੜਕੀਆਂ ਨੂੰ ਨਿਸ਼ਾਨਾ ਬਣਾਉਣਾ ਬੰਦ ਕੀਤਾ ਜਾਵੇ ਅਤੇ ਉਨ੍ਹਾਂ ਨੂੰ ‘ਆਪਣੀ ਮਰਜ਼ੀ ਅਨੁਸਾਰ ਜਿਊਣ ਦਿੱਤਾ ਜਾਵੇ।’’ ਏਜੰਸੀ