ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 16 ਨਵੰਬਰ
ਕਿਸਾਨੀ ਸੰਘਰਸ਼ ਵਿੱਚ ਸਰਗਰਮ ਰੋਲ ਨਿਭਾਉਣ ਵਾਲੀ ਅਦਾਕਾਰਾ ਸੋਨੀਆ ਮਾਨ ਨੇ ਅੱਜ ਗੁਰਦੁਆਰਾ ਅੰਬ ਸਾਹਿਬ ਮੱਥਾ ਟੇਕਿਆ ਅਤੇ ਆਪਣੇ ਪ੍ਰਸੰਸਕਾਂ ਨੂੰ ਮਿਲੀ। ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਅਤੇ ਮੁਹਾਲੀ ਹਲਕੇ ਤੋਂ ਬਾਦਲ ਦਲ ਦੀ ਟਿਕਟ ’ਤੇ ਵਿਧਾਨ ਸਭਾ ਦੀ ਚੋਣ ਲੜਨ ਦੀ ਚਰਚਾ ਛਿੜਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਕਾਰਨ ਉਹ ਕਈ ਦਿਨਾਂ ਤੱਕ ਚੁੱਪ ਰਹੀ ਹੈ। ਉਨ੍ਹਾਂ ਦੇ ਗੁਰਦੁਆਰਾ ਆਉਣ ’ਤੇ ਸਿਆਸਤ ਭਖ ਗਈ ਹੈ ਕਿਉਂਕਿ ਜ਼ਿਲ੍ਹਾ ਅਕਾਲੀ ਦਲ ਅਤੇ ਯੂਥ ਵਿੰਗ ਵੱਲੋਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਘਨੌਰ ਤੋਂ ਪਾਰਟੀ ਟਿਕਟ ਦੇਣ ਲਈ ਗੁਰਦੁਆਰਾ ਅੰਬ ਸਾਹਿਬ ਵਿੱਚ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਸੀ।
ਇਸ ਬਾਰੇ ਸੋਨੀਆ ਮਾਨ ਦਾ ਕਹਿਣਾ ਹੈ ਕਿ ਉਹ ਅੱਜ ਮੱਘਰ ਦੀ ਸੰਗਰਾਂਦ ਮੌਕੇ ਗੁਰੂ ਘਰ ਵਿੱਚ ਮੱਥਾ ਟੇਕਣ ਆਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਸ ਨੂੰ ਪਤਾ ਵੀ ਨਹੀਂ ਸੀ ਕਿ ਅੱਜ ਇੱਥੇ ਚੰਦੂਮਾਜਰਾ ਦੇ ਹੱਕ ਵਿੱਚ ਅਕਾਲੀ ਦਲ ਵੱਲੋਂ ਅਰਦਾਸ ਸਮਾਗਮ ਰੱਖਿਆ ਗਿਆ ਹੈ। ਇਸ ਲਈ ਉਨ੍ਹਾਂ ਦੀ ਗੁਰਦੁਆਰਾ ਅੰਬ ਸਾਹਿਬ ਦੀ ਫੇਰੀ ਦਾ ਸਿਆਸੀ ਅਰਥ ਨਹੀਂ ਕੱਢਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਲੋਕ ਚਾਹੁਣਗੇ ਤਾਂ ਉਹ ਸਿਆਸਤ ਵਿੱਚ ਆਏਗੀ।