ਆਤਿਸ਼ ਗੁਪਤਾ
ਚੰਡੀਗੜ੍ਹ, 24 ਜੁਲਾਈ
ਆਈਸੀਐੱਸਈ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਅੱਜ ਸ਼ਾਮ ਨੂੰ ਐਲਾਨਿਆ ਗਿਆ। ਇਸ ਵਾਰ ਟ੍ਰਾਈਸਿਟੀ ਦੇ ਕੁੱਲ 219 ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਹਿੱਸਾ ਲਿਆ ਸੀ।
ਇਸ ਪ੍ਰੀਖਿਆ ਵਿੱਚ ਸਿਟੀ ਬਿਊਟੀਫੁੱਲ ਦੇ ਸਟ੍ਰਾਬਰੀ ਫੀਲਡਜ਼ ਹਾਈ ਸਕੂਲ ਸੈਕਟਰ 26 ਦੀ ਵਿਦਿਆਰਥਣ ਅੰਮ੍ਰਿਤ ਸਿੰਘ ਨੇ 98.5 ਫ਼ੀਸਦ ਅੰਕ ਪ੍ਰਾਪਤ ਕਰਕੇ ਆਰਟਸ ’ਚ ਟਰਾਈਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਅੰਮ੍ਰਿਤ ਸਿੰਘ ਨੇ ਦੱਸਿਆ ਕਿ ਉਸ ਨੇ ਬਿਨਾਂ ਕਿਸੇ ਟਿਊਸ਼ਨ ਤੋਂ ਘਰ ਬੈਠ ਕੇ ਖੁਦ ਤਿਆਰੀ ਕੀਤੀ। ਉਸ ਦੀ ਮਾਤਾ ਸ੍ਰੀਮਤੀ ਹਿਮਾਨੀ ਸਰੀਨ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਹਨ ਅਤੇ ਪਿਤਾ ਵਿਕਰਮਜੀਤ ਸਿੰਘ ਕਾਲਮਨਵੀਸ ਹਨ।
ਸਟ੍ਰਾਬਰੀ ਫੀਲਡਜ਼ ਹਾਈ ਸਕੂਲ ਦੇ ਵਿਦਿਆਰਥਣ ਮਹਿਕ ਵਿਜੇਵਰਗੀਆ ਨੇ 97 ਫ਼ੀਸਦ ਅੰਕ ਦੇ ਨਾਲ ਨਾਨ ਮੈਡੀਕਲ ਸਟਰੀਮ ਵਿੱਚ ਟਰਾਈਸਿਟੀ ਵਿੱਚੋਂ ਟੌਪ ਕੀਤਾ ਹੈ। ਉਹ ਪੀਜੀਆਈ ਦੇ ਕਾਰਡੀਓਲੋਜਿਸਟ ਡਾ. ਰਾਜੇਸ਼ ਵਿਜੇਵਰਗੀਆ ਅਤੇ ਪੰਜਾਬ ਯੂਨੀਵਰਸਿਟੀ ਦੇ ਫੈਕਲਟੀ ਡਾ. ਅਨੁਪਮ ਵਿਜੇਵਰਗੀਆ ਦੀ ਧੀ ਹੈ ਜਿਸ ਨੇ ਆਪਣੇ ਮਾਪਿਆਂ ਦੀ ਪ੍ਰੇਰਨਾ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ।
ਯਾਦਵਿੰਦਰਾ ਪਬਲਿਕ ਸਕੂਲ ਮੁਹਾਲੀ ਦੀ ਵਿਦਿਆਰਥਣ ਆਫਰੀਨ ਕੌਰ ਨੇ ਨਾਨ-ਮੈਡੀਕਲ ਸਟ੍ਰੀਮ ਵਿੱਚ 97 ਫ਼ੀਸਦ ਅੰਕ ਅਤੇ ਸ਼ੁਭਰੀਤ ਕੌਰ ਨੇ ਕਾਮਰਸ ਸਟਰੀਮ ਵਿੱਚ 96.75 ਫ਼ੀਸਦ ਅੰਕ ਅਤੇ ਅਕਾਂਕਸ਼ਾ ਨੇ ਮੈਡੀਕਲ ਸਟਰੀਮ ਵਿੱਚ 95.75 ਫ਼ੀਸਦ ਅੰਕ ਪ੍ਰਾਪਤ ਕਰਕੇ ਟ੍ਰਾਈਸਿਟੀ ਵਿੱਚੋਂ ਟੌਪ ਕੀਤਾ ਹੈ। ਸ਼ੁਭਰੀਤ ਫੌਜ ਵਿੱਚ ਜਾਉਣ ਅਤੇ ਅਕਾਂਕਸ਼ਾ ਡਾਕਟਰ ਬਣਨ ਦੀ ਤਿਆਰੀ ਕਰ ਰਹੀ ਹੈ। ਸੇਂਟ ਜ਼ੇਵੀਅਰ ਸੀਨੀਅਰ ਸੈਕੰਡਰੀ ਸਕੂਲ ਦੇ ਸਾਕਿਆ ਮਹਾਜਨ ਨੇ ਕਾਮਰਸ ਸਟਰੀਮ ਵਿੱਚ 96 ਫ਼ੀਸਦ ਅੰਕ ਹਾਸਲ ਕੀਤੇ, ਨਾਨ ਮੈਡੀਕਲ ਵਿੱਚ ਬ੍ਰਹਮਦੀਪ ਸਿੰਘ ਨੇ 94 ਫ਼ੀਸਦ ਅਤੇ ਮੈਡੀਕਲ ਵਿੱਚ ਹਰਸ਼ਿਲ ਵਾਲੀਆ ਨੇ 90 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੇ ਸਹਾਇਕ ਡਾਇਰੈਕਟਰ ਨਰੇਸ਼ ਹਾਂਡਾ ਨੇ ਦੱਸਿਆ ਕਿ ਸਕੂਲ ਦੇ 62 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਹਿੱਸਾ ਲਿਆ। ਜਿਨ੍ਹਾਂ ਵਿੱਚੋਂ 9 ਨੇ 90 ਫ਼ੀਸਦ ਤੋਂ ਵੱਧ, 20 ਜਣਿਆਂ ਨੇ 80 ਫ਼ੀਸਦ ਤੋਂ ਵੱਧ ਅਤੇ 40 ਜਣਿਆਂ ਨੇ 70 ਫ਼ੀਸਦ ਤੋਂ ਵੱਧ ਅੰਕ ਹਾਸਿਲ ਕੀਤੇ ਹਨ।
ਇਸੇ ਤਰ੍ਹਾਂ ਸਟਰਾਬਰੀ ਫੀਲਡਜ਼ ਹਾਈ ਸਕੂਲ ਸੈਕਟਰ 26 ਦੇ 100 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚੋਂ 40 ਨੇ 90 ਫ਼ੀਸਦ ਤੋਂ ਵੱਧ ਅੰਕ ਹਾਸਲ ਕੀਤੇ ਹਨ। ਜਦੋਂ ਕਿ ਯਾਦਵਿੰਦਰਾ ਪਬਲਿਕ ਸਕੂਲ ਦੇ 57 ਵਿਦਿਆਰਥੀਆਂ ਵਿੱਚੋਂ 13 ਨੇ 95 ਫ਼ੀਸਦ ਤੋਂ ਵੱਧ ਅਤੇ 33 ਨੇ 90 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।