ਹਰਜੀਤ ਸਿੰਘ
ਜ਼ੀਰਕਪੁਰ, 6 ਅਗਸਤ
ਇੱਥੋਂ ਦੇ ਢਕੋਲੀ ਖੇਤਰ ਵਿੱਚੋਂ ਲੰਘਦੇ ਸਿੰਘ ਨਾਲੇ ਦੇ ਪਾਣੀ ਵਿੱਚ ਰਸਾਇਣ ਘੁਲਣ ਨਾਲ ਨਾਲੇ ਦਾ ਪਾਣੀ ਲਾਲ ਹੋ ਗਿਆ ਸੀ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਵੱਲੋਂ ਅੱਜ ਪੰਚਕੂਲਾ ਦੀ ਉਸ ਕਾਗਜ਼ ਮਿੱਲ ਦੀ ਸ਼ਨਾਖ਼ਤ ਕਰ ਲਈ ਗਈ ਹੈ, ਜਿਸ ਵੱਲੋਂ ਇਹ ਰਸਾਇਣ ਨਾਲੇ ਵਿੱਚ ਛੱਡਿਆ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੇ ਦਿੱਤੀ। ਡੀਸੀ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਇੰਜਨੀਅਰ ਰਣਤੇਜ ਸ਼ਰਮਾ ਦੀ ਅਗਵਾਈ ਤੇ ਐਕਸੀਅਨ ਲਵਲੀਨ ਦੂਬੇ ਦੀ ਨਿਗਰਾਨੀ ਹੇਠ ਟੀਮ ਨੇ ਹਰਿਆਣਾ ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਤਾਲਮੇਲ ਕਰ ਕੇ ਮਾਮਲੇ ਦੀ ਜਾਂਚ ਕੀਤੀ।
ਮੁੱਢਲੀ ਜਾਂਚ ਵਿੱਚ ਇਹ ਤੱਥ ਉਜਾਗਰ ਹੋਇਆ ਸੀ ਕਿ ਇਹ ਰਸਾਇਣ ਗੁਆਂਢੀ ਸੂਬੇ ਹਰਿਆਣਾ ਦੀ ਸਨਅਤੀ ਇਕਾਈ ਵੱਲੋਂ ਛੱਡਿਆ ਗਿਆ ਹੈ ਤੇ ਜਾਂਚ ਦੌਰਾਨ ਇਸ ਪੱਖ ਉੱਤੇ ਮੋਹਰ ਲੱਗ ਗਈ। ਡੀਸੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਾਲੇ ’ਚ ਰਸਾਇਣ ਆਉਣ ਦਾ ਮੁੱਖ ਸਰੋਤ ਪੰਚਕੂਲਾ ਦੇ ਸਨਅਤੀ ਖੇਤਰ ਫੇਜ਼-1 ਦੀ ਇਕ ਕਾਗਜ਼ ਮਿੱਲ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਦੀ ਉਲੰਘਣਾ ਹੈ ਤੇ ਮਾਮਲਾ ਹੋਰ ਸੂਬੇ ਨਾਲ ਸਬੰਧਤ ਹੋਣ ਕਰ ਕੇ ਇਹ ਕੇਸ ਵੱਖ-ਵੱਖ ਅਧਿਕਾਰਤ ਪੱਧਰਾਂ ਉੱਤੇ ਚੁੱਕਿਆ ਜਾਵੇਗਾ ਤੇ ਇਸ ਸਬੰਧੀ ਸਖ਼ਤ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਜਾ ਰਹੀ ਹੈ। ਸ੍ਰੀ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਐੱਸ.ਏ.ਐੱਸ. ਨਗਰ ਦੀਆਂ ਟੀਮਾਂ ਕੱਲ੍ਹ ਤੋਂ ਹੀ ਇਸ ਸਬੰਧੀ ਜਾਂਚ ਵਿੱਚ ਲੱਗੀਆਂ ਹੋਈਆਂ ਸਨ ਅਤੇ ਸੈਂਪਲ ਲੈ ਕੇ ਵਿਸਥਾਰਤ ਜਾਂਚ ਲਈ ਲੈਬ ਵਿੱਚ ਵੀ ਘੱਲੇ ਗਏ ਹਨ। ਇਸ ਸਬੰਧੀ ਮੁੱਖ ਤੌਰ ਉੱਤੇ ਕਾਰਵਾਈ ਹਰਿਆਣਾ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਕਰਨੀ ਹੈ ਕਿਉਂਕਿ ਇਹ ਸਨਅਤੀ ਇਕਾਈ ਉਸ ਬੋਰਡ ਦੇ ਅਧਿਕਾਰ ਖੇਤਰ ਵਿੱਚ ਹੈ। ਸ੍ਰੀ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਜੇਸੀਬੀ ਦੀ ਮਦਦ ਨਾਲ ਉਹ ਜ਼ਮੀਨਦੋਜ਼ ਪਾਈਪ ਵੀ ਲੱਭ ਲਿਆ ਹੈ, ਜਿਸ ਰਾਹੀਂ ਰਸਾਇਣ ਨੂੰ ਨਾਲੇ ਵਿੱਚ ਸੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਕਾਗਜ਼ ਮਿੱਲ ਖ਼ਿਲਾਫ਼ ਕਾਰਵਾਈ ਦੀ ਸਿਫਾਰਿਸ਼ ਕਰ ਦਿੱਤੀ ਗਈ ਹੈ।