ਪੱਤਰ ਪ੍ਰੇਰਕ
ਚੰਡੀਗੜ੍ਹ, 18 ਅਕਤੂਬਰ
ਪਿੰਡ ਮਲੋਆ ਵਿੱਚ ਲੋਕਾਂ ਵੱਲੋਂ ਲਾਲ ਲਕੀਰ ਤੋਂ ਬਾਹਰ ਕੀਤੀਆਂ ਜਾ ਰਹੀਆਂ ਪੱਕੀਆਂ ਨਾਜਾਇਜ਼ ਉਸਾਰੀਆਂ ਅੱਜ ਯੂ.ਟੀ. ਪ੍ਰਸ਼ਾਸਨ ਵੱਲੋਂ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਢਾਹ ਦਿੱਤੀਆਂ ਗਈਆਂ। ਐੱਸਡੀਐੱਮ (ਉੱਤਰੀ) ਰੁਪੇਸ਼ ਕੁਮਾਰ ਦੀ ਅਗਵਾਈ ਹੇਠ ਪਹੁੰਚੀ ਅਧਿਕਾਰੀਆਂ ਅਤੇ ਨਾਜਾਇਜ਼ ਕਬਜ਼ਾ ਹਟਾਊ ਵਿੰਗ ਦੀ ਟੀਮ ਪਿੰਡ ਮਲੋਆ ਪਹੁੰਚੀ। ਇਸ ਮੌਕੇ ਸਖ਼ਤ ਪੁਲੀਸ ਪ੍ਰਬੰਧ ਵੀ ਕੀਤੇ ਗਏ ਸਨ।
ਐੱਸ.ਡੀ.ਐੱਮ. ਨੇ ਦੱਸਿਆ ਕਿ ਪਿੰਡ ਵਿੱਚ ਲੋਕਾਂ ਵੱਲੋਂ ਨਾਜਾਇਜ਼ ਤੌਰ ’ਤੇ ਕਮਰਸ਼ੀਅਲ ਗਤੀਵਿਧੀਆਂ ਲਈ ਇਹ ਨਾਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਸਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਸ ਤੋਂ ਪਹਿਲਾਂ ਅਗਾਊਂ ਸੂਚਨਾ ਦੇ ਕੇ ਇਹ ਨਾਜਾਇਜ਼ ਉਸਾਰੀਆਂ ਖ਼ੁਦ ਢਾਹੁਣ ਦੇ ਲਈ ਵੀ ਕਿਹਾ ਗਿਆ ਸੀ ਪਰ ਲੋਕਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਕਮਰਸ਼ੀਅਲ ਨਾਜਾਇਜ਼ ਉਸਾਰੀਆਂ ਕਰਨ ਵਾਲੇ ਲੋਕਾਂ ਨੇ ਪ੍ਰਸ਼ਾਸਨ ਨੂੰ ਪਹਿਲਾਂ ਅੰਡਰਟੇਕਿੰਗਾਂ ਵੀ ਦਿੱਤੀਆਂ ਹੋਈਆਂ ਹਨ ਕਿ ਇੱਥੇ ਕੋਈ ਉਸਾਰੀ ਨਹੀਂ ਕੀਤੀ ਜਾਵੇਗੀ ਪਰ ਇਸ ਦੇ ਬਾਵਜੂਦ ਵੀ ਉਸਾਰੀਆਂ ਕੀਤੀਆਂ ਗਈਆਂ।