ਸਰਬਜੀਤ ਸਿੰਘ ਭੱਟੀ
ਲਾਲੜੂ, 4 ਮਈ
ਲਾਲੜੂ ਮੰਡੀ ਕਸਬੇ ਵਿੱਚ ਮੁੱਖ ਮਾਰਗ ਦੇ ਨਾਲ ਸਹਾਇਕ ਸੜਕ ’ਤੇ ਅੰਡਰਬਰੀਜ਼ ਨੇੇੜੇ ਮੁੱਖ ਬਾਜ਼ਾਰ ਦੇ ਗੇਟ ਉਤੇ ਬਣੀ ਮੀਟ ਮਾਰਕੀਟ ਆਮ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ, ਜਿਸ ਨੇ ਲੋਕਾਂ ਦੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਮੀਟ ਮਾਰਕੀਟ ਦੇ ਨਾਲ ਹੀ ਸੜਕ ਦੇ ਵਿਚਕਾਰ ਲੋਕ ਆਪਣੇ ਵਾਹਨ ਪਾਰਕ ਕਰਦੇ ਹਨ, ਜਿਸ ਕਾਰਨ ਹਰ ਰੋਜ਼ ਜਾਮ ਲੱਗਦਾ ਹੈ, ਖਾਸ ਕਰਕੇ ਬਾਜ਼ਾਰ ਵਿੱਚ ਆਉਣ ਜਾਣ ਵਾਲੀਆਂ ਔਰਤਾਂ ਇਸ ਮੀਟ ਮਾਰਕੀਟ ਤੋਂ ਬੇਹੱਦ ਪ੍ਰਸ਼ਾਨ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਰਕੀਟ ਨੂੰ ਤੁਰੰਤ ਮੁੱਖ ਬਾਜ਼ਾਰ ਦੇ ਗੇਟ ਤੋਂ ਹਟਾਇਆ ਜਾਵੇ। ਇਹ ਮੀਟ ਮਾਰਕੀਟ ਅੰਡਰਬਰੀਜ ਨੇੜੇ ਬਣੇ ਫੁੱਟਪਾਥ ਦੇ ਨਾਲ ਨਾਲ ਬਣੀ ਹੋਈ ਹੈ, ਜਿਥੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰਕੇ ਸਰਕਾਰੀ ਥਾਂ ਵਿੱਚ ਖੋਖੇ ਰੱਖੇ ਹੋਏ ਹਨ। ਮਾਰਕੀਟ ਵਿੱਚ ਮੀਟ ਤੇ ਆਂਡਿਆਂ ਦੀਆਂ ਦਰਜਨਾ ਦੁਕਾਨਾਂ ਹਨ ਜੋ ਮੀਟ ਦੀ ਆੜ ਵਿਚ ਗਾਹਕਾਂ ਨੂੰ ਸ਼ਰ੍ਹੇਆਮ ਗੈਰਕਾਨੂੰਨੀ ਢੰਗ ਨਾਲ ਸ਼ਰਾਬ ਵੀ ਪਰੋਸਦੇ ਹਨ, ਜਿਸ ਕਾਰਨ ਸ਼ਰਾਬੀ ਵਿਅਕਤੀ ਨਸ਼ੇ ਵਿੱਚ ਟੱਲੀ ਹੋ ਕੇ ਆਪਣੇ ਵਾਹਨ ਸੜਕ ਵਿਚਕਾਰ ਖੜ੍ਹੇ ਕਰਦੇ ਹਨ ਅਤੇ ਟਰੈਫਿਕ ਵਿਚ ਵੀ ਵਿਘਨ ਪਾਉਂਦੇ ਹਨ। ਇਸ ਨਾਲ ਬਾਜ਼ਾਰ ਜਾਣ ਵਾਲੇ ਵਿਅਕਤੀਆਂ ਖਾਸ ਕਰਕੇ ਔਰਤਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਜਗਜੀਤ ਸਿੰਘ ਸਾਹੀ ਨੇ ਕਿਹਾ ਕਿ ਨਾਜਾਇਜ਼ ਕਬਜ਼ੇ ਦੂਰ ਕਰਾਉਣ ਲਈ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਰਕਾਰੀ ਥਾਂ ’ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।