ਕਰਮਜੀਤ ਸਿੰਘ ਚਿੱਲਾ
ਬਨੂੜ, 5 ਅਕਤੂਬਰ
ਘੱਗਰ ਦਰਿਆ ਵਿੱਚੋ ਨਾਜਾਇਜ਼ ਮਾਈਨਿੰਗ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਹੋਣ ਮਗਰੋਂ ਮਾਈਨਿੰਗ ਵਿਭਾਗ ਅਤੇ ਪੁਲੀਸ ਹਰਕਤ ਵਿੱਚ ਆ ਗਈ ਹੈ। ਮਾਈਨਿੰਗ ਇੰਸਪੈਕਟਰ ਅਭੈ ਕੁਮਾਰ ਦੀ ਅਗਵਾਈ ਹੇਠਲੀ ਟੀਮ ਅਤੇ ਥਾਣਾ ਬਨੂੜ ਮੁਖੀ ਕਰਮਜੀਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਨੇ ਪਿੰਡ ਕਰਾਲੀ ਅਤੇ ਝਿਊਰਮਾਜਰਾ ਨੇੜਿਉਂ ਲੰਘਦੇ ਘੱਗਰ ਦਰਿਆ ਵਿੱਚੋਂ ਨਾਜਾਇਜ਼ ਮਾਈਨਿੰਗ ਵਾਲੀ ਥਾਂ ਦੀ ਜਾਂਚ ਕੀਤੀ।
ਉਨ੍ਹਾਂ ਮਾਲ ਵਿਭਾਗ ਦੇ ਕਾਨੂੰਨਗੋ ਰਾਜਿੰਦਰ ਕੁਮਾਰ ਅਤੇ ਪਟਵਾਰੀ ਨੂੰ ਮੌਕੇ ਉੱਤੇ ਬੁਲਾ ਕੇ ਸਬੰਧਤ ਥਾਂ ਦੀ ਮਲਕੀਅਤੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮਗਰੋਂ ਮਾਈਨਿੰਗ ਇੰਸਪੈਕਟਰ ਅਭੈ ਕੁਮਾਰ ਦੀ ਸ਼ਿਕਾਇਤ ਉੱਤੇ ਥਾਣਾ ਬਨੂੜ ਵਿੱਚ ਪਿੰਡ ਝਿਊਰਮਾਜਰਾ ਦੇ ਜ਼ਮੀਨ ਮਾਲਕ ਪੁਨੀਤ ਕੁਮਾਰ ਡੱਲਾ ਖ਼ਿਲਾਫ਼ ਬਿਨ੍ਹਾਂ ਕਿਸੇ ਮਨਜ਼ੂਰੀ ਤੋਂ ਮਾਈਨਿੰਗ ਕਰਵਾਏ ਜਾਣ ਦੇ ਦੋਸ਼ਾਂ ਹੇਠ ਮਾਈਨਿੰਗ ਐਂਡ ਮਿਨਰਲਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕਰ ਲਿਆ ਗਿਆ। ਪੁਲੀਸ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਘੱਗਰ ਵਿੱਚੋਂ ਨਾਜਾਇਜ਼ ਮਾਈਨਿੰਗ ਨਹੀਂ ਕਰਨ ਦਿੱਤੀ ਜਾਵੇਗੀ।
ਇਸੇ ਦੌਰਾਨ ਮਾਈਨਿੰਗ ਦੇ ਮਾਮਲੇ ਨੂੰ ਉਭਾਰਨ ਵਾਲੇ ਕਿਸਾਨ ਆਗੂਆਂ ਜਗਜੀਤ ਸਿੰਘ ਕਰਾਲਾ, ਲਖਵਿੰਦਰ ਸਿੰਘ ਕਰਾਲਾ, ਕ੍ਰਿਪਾਲ ਸਿੰਘ ਸਿਆਊ ਨੇ ਮਾਈਨਿੰਗ ਵਿਭਾਗ ਦੀ ਕਾਰਵਾਈ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖੇਤ ਵਾਲੇ ਮਾਲਕ ਉੱਤੇ ਤਾਂ ਪਰਚਾ ਦਰਜ ਕਰ ਦਿੱਤਾ ਗਿਆ ਹੈ ਪਰ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨਗੀਆਂ।