ਮੁਕੇਸ਼ ਕੁਮਾਰ
ਚੰਡੀਗੜ੍ਹ,12 ਨਵੰਬਰ
‘ਸੋਹਣੇ ਸ਼ਹਿਰ ਚੰਡੀਗੜ੍ਹ ਨੂੰ ਬਣਾਉਣ ਵਿੱਚ ਹਰ ਵਰਗ ਨੇ ਯੋਗਦਾਨ ਪਾਇਆ ਹੈ, ਲੇਕਿਨ ਆਪਣਾ ਘਰ-ਬਾਰ ਛੱਡ ਕੇ ਪੂਰਵਾਂਚਲ ਤੋਂ ਇੱਥੇ ਆਏ ਲੋਕਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ।’ ਇਹ ਸ਼ਬਦ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਅੱਜ ਇੱਥੇ ਮੌਲੀਜੱਗਰਾਂ ਵਿੱਚ ਭਾਜਪਾ ਦੇ ਪੂਰਵਾਂਚਲ ਸੈਲ ਵੱਲੋਂ ਕੀਤੀ ਗਈ ਜਨ ਸਭਾ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ।
ਚੰਡੀਗੜ੍ਹ ਪ੍ਰਦੇਸ਼ ਭਾਜਪਾ ਦੇ ਬੁਲਾਰੇ ਕੈਲਾਸ਼ ਚੰਦ ਜੈਨ ਨੇ ਦੱਸਿਆ ਕਿ ਜਨ ਸਭਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਪੂਰਵਾਂਚਲ ਦੇ ਲੋਕਾਂ ਵੱਲੋਂ ਚੰਡੀਗੜ੍ਹ ਸ਼ਹਿਰ ਦੀ ਉਸਾਰੀ ਵਿੱਚ ਦਿੱਤੇ ਗਏ ਯੋਗਦਾਨ ਲਈ ਧੰਨਵਾਦ ਕੀਤਾ। ਆਪਣੇ ਸੰਬੋਧਨ ਦੌਰਾਨ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਚੰਡੀਗੜ੍ਹ ਸਮੇਤ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਇੰਚਾਰਜ ਬਣਾ ਕੇ ਇੱਥੋਂ ਦੇ ਲੋਕਾਂ ਦੀ ਸੇਵਾ ਲਈ ਭੇਜਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੂਰਵਾਂਚਲ ਵਾਸੀਆਂ ਨੇ ਚੰਡੀਗੜ੍ਹ ਨੂੰ ਬਣਾਇਆ ਹੈ, ਇਸ ਲਈ ਉਹ ਸ਼ਲਾਘਾ ਦੇ ਪਾਤਰ ਹਨ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਰਹਿ ਰਹੇ ਪੂਰਵਾਂਚਲ ਵਾਸੀਆਂ ਨੂੰ ਰਾਮ ਮੰਦਿਰ ਦੇ ਉਦਘਾਟਨ ਦੇ ਮੌਕੇ ਅਯੁੱਧਿਆ ਨਗਰੀ ਆਉਣ ਦਾ ਸੱਦਾ ਦਿੱਤਾ ਹੈ।
ਨਿਤਿਆਨੰਦ ਰਾਏ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 110 ਕਰੋੜ ਦੇਸ਼ ਵਾਸੀਆਂ ਦਾ ਮੁਫਤ ਵਿੱਚ ਕੋਵਿਡ ਰੋਕੂ ਟੀਕਾਕਰਨ ਕਰਕੇ ਭਾਰਤ ਵਿੱਚ ਕਰੋਨਾ ਨੂੰ ਹਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਨੇਤਾਵਾਂ ਨੇ ਟੀਕਾਕਰਨ ਦਾ ਮਜਾਕ ਉਡਾਇਆ ਸੀ, ਲੇਕਿਨ ਬਾਅਦ ਵਿੱਚ ਉਨ੍ਹਾਂ ਵੀ ਟੀਕਾਕਰਨ ਯੋਜਨਾ ਨੂੰ ਸਲਾਮ ਕਰਨਾ ਪਿਆ। ਨਿਤਿਆਨੰਦ ਰਾਏ ਨੇ ‘ਇੱਕ ਭਾਰਤ – ਇੱਕ ਰਾਸ਼ਨ ਕਾਰਡ’ ਅਤੇ ‘ਆਯੂਸ਼ਮਾਨ ਭਾਰਤ’ ਵਰਗੀਆਂ ਯੋਜਨਾਵਾਂ ਦੀ ਸ਼ਲਾਘਾ ਕੀਤੀ ਅਤੇ ਇਨ੍ਹਾਂ ਨੂੰ ਮੋਦੀ ਸਰਕਾਰ ਦੀ ਇੱਕ ਵੱਡੀ ਉਪਲਬਧੀ ਦੱਸਿਆ।
ਨਿਤਿਆਨੰਦ ਰਾਏ ਨੇ ਪੂਰਵਾਂਚਲ ਦੇ ਲੋਕਾਂ ਅਤੇ ਚੰਡੀਗੜ੍ਹ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਭਰੋਸਾ ਵੀ ਦਿੱਤਾ। ਇਸ ਮੌਕੇ ਚੰਡੀਗੜ੍ਹ ਪ੍ਰਦੇਸ਼ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਦਾ ਇੱਥੇ ਚੰਡੀਗੜ੍ਹ ਆਉਣ ’ਤੇ ਧੰਨਵਾਦ ਕੀਤਾ। ਉਨ੍ਹਾਂ ਨੇ 500 ਸਾਲਾਂ ਤੋਂ ਸ੍ਰੀ ਰਾਮ ਮੰਦਰ ਬਣਾਉਣ ਦੇ ਇੰਤਜ਼ਾਰ ਨੂੰ ਖਤਮ ਕਰਕੇ ਅਯੁੱਧਿਆ ਵਿਖੇ ਰਾਮ ਮੰਦਿਰ ਬਣਾਉਣ ਦੀ ਮੰਗ ਪੂਰੀ ਕਰਨ ਲਈ ਨਿਤਿਆਨੰਦ ਰਾਏ ਦੀ ਮਾਰਫ਼ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਇੱਥੇ ਮੌਲੀ ਜੱਗਰਾਂ ਵਿੱਚ ਕੀਤੀ ਗਈ ਇਸ ਜਨਸਭਾ ਦੌਰਾਨ ਚੰਡੀਗੜ੍ਹ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਰਾਮਵੀਰ ਭੱਟੀ, ਸਕੱਤਰ ਅਮਿਤ ਰਾਣਾ, ਤਜਿੰਦਰ ਸਿੰਘ ਸਰਾਂ, ਜ਼ਿਲਾ ਪ੍ਰਧਾਨ ਮਨੀਸ਼ ਭਸੀਨ, ਏਰੀਆ ਕੌਂਸਲਰ ਤੇ ਸਾਬਕਾ ਡਿਪਟੀ ਮੇਅਰ ਅਨਿਲ ਦੁਬੇ, ਮੰਡਲ ਪ੍ਰਧਾਨ ਅਰਵਿੰਦ ਦੁਬੇ, ਡਿਪਟੀ ਮੇਅਰ ਫਰਮਿਲਾ, ਉੱਤਰਾਂਚਲ ਸੇਲ ਦੇ ਕਨਵੀਨਰ ਪੱਪੂ ਸ਼ੁਕਲਾ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਅਤੇ ਪੂਰਵਾਂਚਲ ਨਿਵਾਸੀ ਮੌਜੂਦ ਸਨ।
ਕੇਂਦਰੀ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ
ਚੰਡੀਗੜ੍ਹ (ਕੁਲਦੀਪ ਸਿੰਘ): ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਯਾਨੰਦ ਰਾਏ ਵੱਲੋਂ ਅੱਜ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮ ਪਾਲ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਪ੍ਰਮੁੱਖ ਕੇਂਦਰੀ ਸਕੀਮਾਂ ਦੀ ਪ੍ਰਗਤੀ ਬਾਰੇ ਸਮੀਖਿਆ ਕੀਤੀ। ਮੀਟਿੰਗ ਵਿੱਚ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਸ਼ਾਮਿਲ ਸਨ ਜਿਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਹਵਾਈ ਫੌਜ ਵਿਰਾਸਤ ਕੇਂਦਰ, ਵਿਰਾਸਤ ਸੁਰੱਖਿਆ, ਗ੍ਰੀਨ ਸਿਟੀ, ਸਵੱਛ ਸ਼ਹਿਰ ਅਤੇ ਸਮਾਰਟ ਸਿਟੀ ਵਰਗੇ ਵੱਕਾਰੀ ਪ੍ਰਾਜੈਕਟਾਂ ਦੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਚੰਡੀਗੜ੍ਹ ਵਿੱਚ ਲਾਗੂ ਪ੍ਰਮੁੱਖ ਯੋਜਨਾਵਾਂ ਦੀ ਪ੍ਰਗਤੀ ਰਿਪੋਰਟ ਵੀ ਸਾਂਝੀ ਕੀਤੀ। ਕੇਂਦਰੀ ਮੰਤਰੀ ਨੂੰ ਦੱਸਿਆ ਗਿਆ ਕਿ ਏਅਰ ਫੋਰਸ ਹੈਰੀਟੇਜ ਸੈਂਟਰ ਜਿਸ ਵਿੱਚ ਏਅਰਕਰਾਫਟ, ਸਿਮੂਲੇਟਰ, ਏਅਰੋ ਇੰਜਣ ਅਤੇ ਹੋਰ ਆਈ.ਏ.ਐਫ. ਕਲਾਕ੍ਰਿਤੀਆਂ ਹੋਣਗੀਆਂ, ਦਾ ਕੰਮ ਫ਼ਰਵਰੀ 2022 ਤੱਕ ਨਬਿੇੜ ਲਿਆ ਜਾਵੇਗਾ। ਇਹ ਵੀ ਦੱਸਿਆ ਗਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ, ਹਰਾ-ਭਰਾ ਅਤੇ ਸਮਾਰਟ ਸਿਟੀ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਕੀਮਾਂ ਬਾਰੇ ਦਿੱਤੀ ਗਈ ਜਾਣਕਾਰੀ ਉਤੇ ਕੇਂਦਰੀ ਮੰਤਰੀ ਨੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਸਰਕਾਰੀ ਯੋਜਨਾਵਾਂ ਦੇ ਪ੍ਰਭਾਵੀ ਢੰਗ ਨਾਲ ਚੱਲ ਰਹੇ ਕੰਮ ਕਾਜ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਇਹ ਉਮੀਦ ਵੀ ਕੀਤੀ ਕਿ ਵਿਕਾਸ ਟੀਚਿਆਂ ਨੂੰ ਹਾਸਿਲ ਕਰਨ ਵਿੱਚ ਚੰਡੀਗੜ੍ਹ ਨੂੰ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਸ਼ਿਖਰ ਉੱਤੇ ਹੋਣਾ ਚਾਹੀਦਾ ਹੈ।