ਪੱਤਰ ਪ੍ਰੇਰਕ
ਚੰਡੀਗੜ੍ਹ, 23 ਜੁਲਾਈ
ਚੰਡੀਗੜ੍ਹ ਵਿੱਚ 20 ਹੋਰ ਵਿਅਕਤੀ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਇਸ ਤਰ੍ਹਾਂ ਸ਼ਹਿਰ ਵਿੱਚ ਮਰੀਜ਼ਾਂ ਦਾ ਕੁੱਲ ਅੰਕੜਾ ਵਧ ਕੇ 800 ਹੋ ਗਿਆ ਹੈ। ਯੂਟੀ ਦੇ ਸਿਹਤ ਵਿਭਾਗ ਮੁਤਾਬਕ ਮੌਲੀ ਜਾਗਰਾਂ ਵਾਸੀ ਬਿਰਧ ਔਰਤ, ਸੈਕਟਰ 40 ਵਾਸੀ ਨੌਜਵਾਨ, ਰਾਮ ਦਰਬਾਰ ਵਾਸੀ ਲੜਕੀ ਤੇ ਦੋ ਪੁਰਸ਼, ਸੈਕਟਰ 32 ਤੋਂ 5 ਸਾਲਾਂ ਦੀ ਬੱਚੀ ਸਮੇਤ ਇਕ ਔਰਤ ਤੇ ਪੁਰਸ਼, ਬਾਪੂਧਾਮ ਕਲੋਨੀ ਤੋਂ ਪੰਜ ਕੇਸ, ਸੈਕਟਰ-61 ਵਾਸੀ ਔਰਤ, ਮਨੀਮਾਜਰਾ ਤੋਂ 23 ਸਾਲਾਂ ਦੀ ਮੁਟਿਆਰ, ਧਨਾਸ ਦਾ ਨੌਜਵਾਨ, ਸੈਕਟਰ-42 ਵਾਸੀ ਵਿਅਕਤੀ, ਸੈਕਟਰ 21 ਤੋਂ 41 ਸਾਲਾਂ ਦਾ ਵਿਅਕਤੀ, ਮਨੀਮਾਜਰਾ ਵਾਸੀ ਨੌਜਵਾਨ ਤੇ ਸੈਕਟਰ-38 ਵਾਸੀ ਕਰੋਨਾ ਮਰੀਜ਼ਾਂ ’ਚ ਸ਼ਾਮਲ ਹਨ। ਇਸੇ ਦੌਰਾਨ ਪੰਜ ਮਰੀਜ਼ਾਂ ਨੂੰ ਡਿਸਚਾਰਜ ਵੀ ਕੀਤਾ ਗਿਆ ਹੈ।
ਡੇਰਾਬੱਸੀ (ਹਰਜੀਤ ਸਿੰਘ): ਡੇਰਾਬੱਸੀ ਖੇਤਰ ’ਚ ਅੱਜ ਅੱਠ ਮਹੀਨੇ ਦੇ ਬੱਚੇ ਸਮੇਤ 7 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਐੱਸ.ਐਮ.ਓ. ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਹੈਬਤਪੁਰ ਸੜਕ ’ਤੇ ਸਥਿਤ ਗੁਲਮੋਹਰ ਸਿਟੀ ਐਕਸਟੈਨਸ਼ਨ ਵਿਚ ਰਹਿੰਦੇ ਇੱਕ ਪਰਿਵਾਰ ਮੈਂਬਰ ਜਿਨ੍ਹਾਂ ’ਚ 8 ਮਹੀਨੇ ਦੇ ਬੱਚੇ ਸਮੇਤ 4 ਮੈਂਬਰ ਸ਼ਾਮਲ ਹਨ, ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਮੋਹਨ ਨਗਰ ਤੋਂ 35 ਸਾਲਾਂ ਦੀ ਔਰਤ, ਪਿੰਡ ਜਵਾਹਰਪੁਰ ਨੇੜੇ ਸਥਿਤ ਗਲਾਸ ਪੈਲੇਸ ਦੇ ਪਿੱਛੇ ਰਹਿੰਦਾ ਨੌਜਵਾਨ ਅਤੇ 39 ਸਾਲਾਂ ਔਰਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਪਾਈ ਹੈ।
ਸੈਕਟਰ-66 ਵਾਸੀ ਦੀ ਮੌਤ; ਰਿਪੋਰਟ ਪਾਜ਼ੇਟਿਵ
ਮੁਹਾਲੀ (ਦਰਸ਼ਨ ਸਿੰਘ ਸੋਢੀ): ਇਥੋਂ ਦੇ ਸੈਕਟਰ-66 ਦੇ ਵਸਨੀਕ 55 ਸਾਲਾਂ ਦੇ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਊਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸੇ ਦੌਰਾਨ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਦੇ 33 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 643 ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 13 ਮੌਤਾਂ ਹੋ ਚੁੱਕੀਆਂ ਹਨ। ਅੱਜ 20 ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਘਰ ਪਰਤ ਆਏ ਹਨ। ਵੇਰਵਿਆਂ ਅਨੁਸਾਰ ਸੈਕਟਰ-66 ਸਥਿਤ ਗੁਰਦੁਆਰੇ ਦੇ ਪ੍ਰਧਾਨ ਚੰਨਣ ਸਿੰਘ ਦੇ ਬੇਟੇ ਸਤਵਿੰਦਰ ਸਿੰਘ (55) ਦੀ ਮੌਤ ਹੋ ਗਈ ਹੈ। ਮਰਨ ਤੋਂ ਬਾਅਦ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਉਹ ਕੁਝ ਦਿਨ ਪਹਿਲਾਂ ਦਿੱਲੀ ਗਿਆ ਸੀ ਅਤੇ ਵਾਪਸ ਆ ਕੇ ਬਿਮਾਰ ਹੋ ਗਿਆ ਸੀ। ਬੀਤੇ ਦਿਨੀਂ ਉਸ ਦੀ ਮੌਤ ਹੋ ਗਈ ਅਤੇ ਅੱਜ ਕਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਫੇਜ਼-3ਏ ਦਾ ਨੌਜਵਾਨ, ਐਸਬੀਪੀ ਹੋਮਜ਼ ਸੈਕਟਰ-126 ਦਾ ਲੜਕਾ ਤੇ ਦੋ ਪੁਰਸ਼, ਫੇਜ਼-3ਬੀ1 ਵਾਸੀ ਬਜ਼ੁਰਗ, ਫੇਜ਼-3ਬੀ2 ਦੀ ਬੱਚੀ ਸਮੇਤ ਇਕ ਲੜਕਾ ਅਤੇ ਪੁਰਸ਼, ਸੈਕਟਰ-66 ਤੋਂ ਤਿੰਨ ਕੇਸਾਂ ਸਮੇਤ ਫੇਜ਼-10, 5, 8 ਅਤੇ ਸੈਕਟਰ-68 ਤੋਂ ਕਰੋਨਾ ਕੇਸ ਸਾਹਮਣੇ ਆਏ ਹਨ। ਇਸੇ ਦੌਰਾਨ ਇੱਥੋਂ ਦੇ ਸੈਕਟਰ-76 ਸਥਿਤ ਖੇਤਰੀ ਟਰਾਂਸਪੋਰਟ ਅਥਾਰਿਟੀ (ਆਰਟੀਏ) ਦਫ਼ਤਰ ਦੇ ਕਲਰਕ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ। ਸਿਵਲ ਸਰਜਨ ਅਨੁਸਾਰ ਸੁਖਰਾਜ ਸਿੰਘ ਚੰਡੀਗੜ੍ਹ ਦਾ ਵਸਨੀਕ ਹੈ।