ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 7 ਸਤੰਬਰ
ਕਰੋਨਾ ਮਹਾਮਾਰੀ ਵਿਰੁੱਧ ਵਿੱਢੀ ਲੜਾਈ ਨੂੰ ਹੋਰ ਤੇਜ਼ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ-19 ਦੇ ਨਮੂਨੇ ਲੈਣ ਦੀ ਦਰ ਦੁੱਗਣੀ ਕਰ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ ਹੈ। ਉਨ੍ਹਾਂ ਵੇਰਵਿਆਂ ਦਿੰਦਿਆਂ ਦੱਸਿਆ ਕਿ ਕਰੋਨਾਵਾਇਰਸ ਲਈ ਪਹਿਲਾਂ ਪ੍ਰਤੀ ਦਿਨ ਲਗਭਗ 350 ਨਮੂਨੇ ਲਏ ਜਾ ਰਹੇ ਸਨ, ਜਿਸ ਵਿੱਚ ਵਾਧਾ ਕਰਦਿਆਂ ਹੁਣ ਰੋਜ਼ਾਨਾ ਤਕਰੀਬਨ 850 ਤੋਂ 1100 ਨਮੂਨੇ ਲਏ ਜਾ ਰਹੇ ਹਨ। ਇਸ ਦਾ ਉਦੇਸ਼ ਮਰੀਜ਼ਾਂ ਵਿੱਚ ਕਰੋਨਾ ਦਾ ਜਲਦੀ ਪਤਾ ਲਗਾਉਣਾ ਹੈ ਤਾਂ ਜੋ ਪੀੜਤਾਂ ਦਾ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ ਅਤੇ ਇਸ ਵਾਇਰਸ ਨੂੰ ਅੱਗੇ ਹੋਰਨਾਂ ਤੱਕ ਫੈਲਣ ਤੋਂ ਰੋਕਿਆ ਜਾ ਸਕੇ। ਸ੍ਰੀ ਦਿਆਲਨ ਨੇ ਕਿਹਾ ਕਿ ਨਮੂਨੇ ਲੈਣ ਦੀ ਗਤੀ ਨੂੰ ਤੇਜ਼ ਕਰਨ ਦੇ ਨਾਲ-ਨਾਲ ਟੈਸਟਿੰਗ ਨੂੰ ਵੀ ਵਧਾ ਕੇ ਦੁੱਗਣਾ ਕਰ ਦਿੱਤਾ ਗਿਆ ਹੈ। ਪਹਿਲਾਂ ਔਸਤਨ 400 ਟੈੱਸਟ ਪ੍ਰਤੀ ਦਿਨ ਦੇ ਮੁਕਾਬਲੇ ਹੁਣ ਔਸਤਨ ਤਕਰੀਬਨ 850 ਟੈੱਸਟ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 4 ਸਤੰਬਰ ਨੂੰ ਜ਼ਿਲ੍ਹੇ ਵਿੱਚ ਕੁੱਲ 946 ਨਮੂਨੇ ਲਏ ਗਏ ਜਿਨ੍ਹਾਂ ਵਿੱਚ 669 ਆਰਟੀਪੀਸੀਆਰ ਟੈੱਸਟ, 19 ਟਰੂਨਾਟ ਅਤੇ 258 ਐਂਟੀਜੇਨ ਟੈੱਸਟ ਸ਼ਾਮਲ ਹਨ। ਇਸੇ ਤਰ੍ਹਾਂ 5 ਸਤੰਬਰ ਨੂੰ ਸਿਹਤ ਟੀਮਾਂ ਵੱਲੋਂ 855 ਨਮੂਨੇ ਲਏ ਗਏ। ਜਿਨ੍ਹਾਂ ਵਿੱਚ 554 ਆਰਟੀਪੀਸੀਆਰ ਟੈੱਸਟ, 23 ਟਰੂਨਾਟ ਅਤੇ 278 ਐਂਟੀਜਨ ਟੈੱਸਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਹਿ-ਰੋਗ ਵਾਲੇ ਲੋਕਾਂ ਦੀ ਉੱਚ-ਜ਼ੋਖ਼ਮ ਵਾਲੀ ਆਬਾਦੀ ਨੂੰ ਕਵਰ ਕਰਨ ਲਈ ਸੈਂਪਲਿੰਗ ਟੀਮਾਂ ਦੀ ਗਿਣਤੀ ਹੁਣ 20 ਤੋਂ ਵਧਾ ਕੇ 26 ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਲਈ ਵਾਕ-ਇਨ ਟੈਸਟਿੰਗ ਅਤੇ ਘਰੇਲੂ ਇਕਾਂਤਵਾਸ ਕਰਨ ਦਾ ਨਵੇਕਲਾ ਢੰਗ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਵਾਇਰਸ ਬਾਰੇ ਸ਼ੱਕ ਹੋਣ ‘ਤੇ ਕੋਈ ਵੀ ਵਿਅਕਤੀ ਜ਼ਿਲ੍ਹੇ ਦੇ 9 ਫਲੂ ਕਾਰਨਰਾਂ ’ਚੋਂ ਕਿਸੇ ’ਚ ਵੀ ਜਾ ਸਕਦਾ ਹੈ ਅਤੇ ਜੇ ਉਹ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਘਰੇਲੂ ਇਕਾਂਤਵਾਸ ਲਈ ਸਵੈ-ਘੋਸ਼ਣਾ ਫਾਰਮ ਜਮ੍ਹਾਂ ਕਰ ਸਕਦਾ ਹੈ।