ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਮਾਰਚ
ਸਿਟੀ ਬਿਊਟੀਫੁੱਲ ਦੀਆਂ ਸੜਕਾਂ ’ਤੇ ਅਵਾਰਾ ਕੁੱਤਿਆਂ ਦੀ ਦਹਿਸ਼ਤ ਵਧਦੀ ਜਾ ਰਹੀ ਹੈ। ਲੋਕ ਬੱਚਿਆਂ ਨੂੰ ਘਰ ਤੋਂ ਬਾਹਰ ਖੇਡਣ ਲਈ ਭੇਜਣ ਵਿੱਚ ਵੀ ਖੌਫ ਮਹਿਸੂਸ ਕਰਦੇ ਹਨ। ਇਸੇ ਦੌਰਾਨ ਸੈਕਟਰ-21 ਬੀ ਵਿੱਚ ਅਵਾਰਾ ਕੁੱਤਿਆਂ ਵੱਲੋਂ ਇੱਕ ਔਰਤ ਨੂੰ ਵੱਢ ਲਿਆ ਗਿਆ। ਕੁੱਤਿਆਂ ਨੇ ਉਸ ਦੀ ਲੱਤ ’ਤੇ ਤਿੰਨ-ਚਾਰ ਥਾਵਾਂ ’ਤੇ ਬੁਰਕੇ ਮਾਰੇ। ਪੀੜਤਾ ਨੂੰ ਤੁਰੰਤ ਸਰਕਾਰੀ ਡਿਸਪੈਂਸਰੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ। ਪੀੜਤਾ ਦੀ ਪਛਾਣ ਪਰਮਜੀਤ ਕੌਰ ਵਾਸੀ ਪਿੰਡ ਮੌਲੀ ਬੈਦਵਾਣ, ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ ਜੋ ਸਰਕਾਰੀ ਪ੍ਰਾਇਮਰੀ ਸਕੂਲ ਚਿੱਲਾ ਵਿੱਚ ਪੜ੍ਹਾਉਂਦੀ ਹੈ। ਉਹ ਆਪਣੇ ਪੇਕੇ ਘਰ ਸੈਕਟਰ-21 ਬੀ ਵਿੱਚ ਆਈ ਹੋਈ ਸੀ, ਜੋ ਰੋਜ਼ਾਨਾ ਵਾਂਗ ਸਵੇਰ ਸਮੇਂ ਘਰ ਦੇ ਬਾਹਰ ਸੈਰ ਕਰ ਰਹੀ ਸੀ। ਇਸ ਦੌਰਾਨ ਅਵਾਰਾ ਕੁੱਤਿਆਂ ਨੇ ਉਸ ਦੀ ਲੱਤ ’ਤੇ ਤਿੰਨ-ਚਾਰ ਥਾਵਾਂ ’ਤੇ ਬੁਰਕੇ ਮਾਰੇ। ਪੀੜਤਾ ਪਰਮਜੀਤ ਕੌਰ ਨੇ ਕਿਹਾ ਕਿ ਸੈਕਟਰ-21 ਵਿੱਚ ਅਵਾਰਾ ਕੁੱਤਿਆਂ ਦੀ ਭਰਮਾਰ ਹੈ। ਉਨ੍ਹਾਂ ਚੰਡੀਗੜ੍ਹ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਅਵਾਰਾ ਕੁੱਤਿਆਂ ’ਤੇ ਨੱਥ ਪਾਈ ਜਾਵੇ। ਇਨ੍ਹਾਂ ਨੂੰ ਰਿਹਾਇਸ਼ੀ ਇਲਾਕਿਆਂ ਤੋਂ ਬਾਹਰ ਕੱਢਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਿਟੀ ਬਿਊਟੀਫੁੱਲ ਦੇ ਲੋਕ ਬਿਨਾਂ ਕਿਸੇ ਡਰ ਤੋਂ ਜੀਵਨ ਜੀਅ ਸਕਣ।