ਆਤਿਸ਼ ਗੁਪਤਾ
ਚੰਡੀਗੜ੍ਹ, 7 ਨਵੰਬਰ
ਯੂਟੀ ਪ੍ਰਸ਼ਾਸਨ ਦੇ ਫੂਡ ਸੇਫਟੀ ਵਿਭਾਗ ਨੇ ਤਿਉਹਾਰਾਂ ਸੀਜ਼ਨ ਦੇ ਚਲਦਿਆਂ ਅੱਜ ਸ਼ਹਿਰ ਵਿੱਖ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ। ਇਸ ਦੌਰਾਨ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਆਨਾਜ ਮੰਡੀ ਤੇ ਪਿੰਡ ਦੜੂਆ ਵਿੱਚ ਦੁਕਾਨਾਂ ’ਤੇ ਖ਼ਰਾਬ ਪਏ 50 ਕਿਲੋ ਨਮਕੀਨ ਨਸ਼ਟ ਕੀਤੇ। ਇਸ ਦੇ ਨਾਲ ਹੀ 4 ਦੁਕਾਨਾਂ ਦੇ ਨਮੂਨੇ ਭਰੇ ਗਏ ਅਤੇ ਸਾਫ਼ ਸਫਾਈ ਨਾ ਰੱਖਣ ਵਾਲੇ ਪੰਜ ਦੁਕਾਨਦਾਰਾਂ ਦੇ ਚਾਲਾਨ ਕੀਤੇ। ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਦੀ ਆਮਦ ਕਰ ਕੇ ਸ਼ਹਿਰ ਦੀਆਂ ਦੁਕਾਨਾਂ ’ਤੇ ਭਾਰੀ ਮਾਤਰਾ ਵਿੱਚ ਦੁੱਧ ਤੋਂ ਮਠਿਆਈ ਬਣਾਈ ਗਈਆਂ ਹਨ। ਇਨ੍ਹਾਂ ਵਿੱਚੋਂ ਕਈਆਂ ਨੇ ਮਠਿਆਈਆਂ ਵਿੱਚ ਮਿਲਾਵਟਖੋਰੀ ਕੀਤੀ ਹੋਈ ਹੈ। ਇਸ ਤੋਂ ਇਲਾਵਾ ਕਈ ਦੁਕਾਨਦਾਰਾਂ ਵੱਲੋਂ ਖਾਣ-ਪੀਣ ਵਾਲੀਆਂ ਦੁਕਾਨਾਂ ’ਤੇ ਸਫਾਈ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ। ਇਸੇ ਦੇ ਚਲਦਿਆਂ ਅੱਜ ਆਨਾਜ ਮੰਡੀ ਤੇ ਪਿੰਡ ਦੜੂਆ ਵਿੱਚ ਛਾਪੇ ਮਾਰੇ ਗਏ ਹਨ। ਇਸ ਦੌਰਾਨ ਇੱਕ ਦੁਕਾਨ ’ਤੇ ਨਾ-ਖਾਣਯੋਗ ਹਾਲਤ ਵਿੱਚ ਪਈ 50 ਕਿਲੋ ਨਮਕੀਨ ਤੇ ਮਠਿਆਈ ਨੂੰ ਨਸ਼ਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ 4 ਥਾਵਾਂ ਤੋਂ ਨਮੂਨੇ ਭਰੇ ਗਏ ਹਨ ਤੇ ਪੰਜ ਚਾਲਾਨ ਕੀਤੇ ਹਨ।
ਯੂਟੀ ਪ੍ਰਸ਼ਾਸਨ ਤੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਤਿਉਹਾਰੀ ਸੀਜ਼ਨ ਦੌਰਾਨ ਦੁੱਧ ਤੋਂ ਬਣੇ ਹੋਏ ਉਤਪਾਦ, ਬੇਕਰੀ ਉਤਪਾਦ ਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਖ਼ਰੀਦਣ ਸਮੇਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਖਾਣ-ਪੀਣ ਵਾਲੀ ਵਸਤੂ ਸ਼ਹਿਰ ਵਿੱਚ ਲਾਇਸੈਂਸ ਧਾਰਕ ਦੁਕਾਨ ਤੋਂ ਹੀ ਖ਼ਰੀਦੇ। ਇਸ ਦੇ ਨਾਲ ਹੀ ਵਿਭਾਗ ਨੇ ਦੁਕਾਨਦਾਰਾਂ ਨੂੰ ਵਧੀਆ ਗੁਣਵੱਤਾ ਦਾ ਸਾਮਾਨ ਬਣਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੇ ਸਾਮਾਨ ਵਾਲੀਆਂ ਦੁਕਾਨਾਂ ’ਤੇ ਸਫਾਈ ਪ੍ਰਬੰਧ ਵੀ ਯਕੀਨੀ ਬਣਾਏ ਜਾਣ।
ਮਿਲਾਵਟਖੋਰੀ ਤੇ ਗੰਦਗੀ ਬਾਰੇ ਸੂਚਨਾ ਦੇਣ ਦੀ ਅਪੀਲ
ਯੂਟੀ ਪ੍ਰਸ਼ਾਸਨ ਤੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਸ਼ਹਿਰ ਵਿੱਚ ਕਿਸੇ ਦੁਕਾਨ ’ਤੇ ਮਿਲਾਵਟਖੋਰੀ ਵਾਲਾ ਸਾਮਾਨ ਵਿੱਕ ਰਿਹਾ ਹੈ ਜਾਂ ਫਿਰ ਕਿਸੇ ਦੁਕਾਨਦਾਰ ਵੱਲੋਂ ਖਾਣ-ਪੀਣ ਵਾਲੀ ਦੁਕਾਨ ’ਤੇ ਸਫ਼ਾਈ ਨਹੀਂ ਰੱਖੀ ਜਾ ਰਹੀ ਤਾਂ ਐਮਰਜੈਂਸੀ ਨੰਬਰ ’ਤੇ ਤੁਰੰਤ ਸੂਚਨਾ ਦਿੱਤੀ ਜਾਵੇ। ਵਿਭਾਗ ਵੱਲੋਂ ਅਜਿਹਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।