ਕੁਲਦੀਪ ਸਿੰਘ
ਚੰਡੀਗੜ੍ਹ, 16 ਸਤੰਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜ਼ੂਆਲੋਜੀ ਵਿਭਾਗ ਵਿੱਚ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ (ਰੂਸਾ) ਦੀ ਗ੍ਰਾਂਟ ਅਧੀਨ ਬਣਾਏ ਐਲੂਮਨੀ ਕਾਨਫਰੰਸ ਹਾਲ ਅਤੇ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਅੱਜ ਉਪ ਕੁਲਪਤੀ ਪ੍ਰੋ. ਰੇਣੂ ਵਿੱਗ ਨੇ ਕੀਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰੋ. ਵਿੱਗ ਨੇ ਬੈਕ-ਫੋਰਸ ਵਜੋਂ ਐਲੂਮਨੀ ਆਧਾਰ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਯੂਨੀਵਰਸਿਟੀ ਦੇ ਵਿਭਾਗਾਂ ਵਿੱਚ ਐਲੂਮਨੀ ਨੂੰ ‘ਪ੍ਰੋਫੈਸਰ ਆਫ ਪ੍ਰੈਕਟਿਸ’ ਅਤੇ ‘ਸਹਾਇਕ ਫੈਕਲਟੀ’ ਦੇ ਰੂਪ ਵਿੱਚ ਜੋੜਨ ਦਾ ਸੱਦਾ ਦਿੱਤਾ ਤਾਂ ਜੋ ਵਿਦਿਆਰਥੀਆਂ ਨੂੰ ਹੋਰ ਹੁਨਰਮੰਦ ਬਣਾਇਆ ਜਾ ਸਕੇ।
ਉਪ ਕੁਲਪਤੀ ਨੇ ਐੱਨਈਪੀ-2020 ਅਨੁਸਾਰ ਹੁਨਰਮੰਦ ਗ੍ਰੈਜੂਏਟਾਂ ਨੂੰ ਲਾਭ ਪਹੁੰਚਾਉਣ ਲਈ ਰੂਸਾ ਤੋਂ ਪ੍ਰਾਪਤ ਫੰਡਾਂ ਵਿੱਚੋਂ ਮੱਛੀ ਪਾਲਣ ਅਤੇ ਮਧੂ ਮੱਖੀ ਪਾਲਣ ਦੇ ਖੇਤਰਾਂ ਵਿੱਚ ਤਿਆਰ ਕੀਤੇ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਵੀ ਕੀਤਾ। ਡੀਨ ਅਲੂਮਨੀ ਰਿਲੇਸ਼ਨਜ਼ ਪ੍ਰੋ. ਲਤਿਕਾ ਸ਼ਰਮਾ ਨੇ ਜ਼ੂਆਲੋਜੀ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਆਧੁਨਿਕ ਸੁਵਿਧਾ ਪੈਦਾ ਕਰਨ ਲਈ ਦਿੱਤੇ ਗਏ ਦਾਨ ਦੀ ਸ਼ਲਾਘਾ ਕੀਤੀ।
ਰਜਿਸਟਰਾਰ ਪ੍ਰੋ. ਵਾਈਪੀ ਵਰਮਾ ਅਤੇ ਰੂਸਾ ਕੋਆਰਡੀਨੇਟਰ ਪ੍ਰੋ. ਰਾਜੀਵ ਕੇ. ਪੁਰੀ ਨੇ ਵਧਾਈ ਦਿੱਤੀ ਅਤੇ ਚੇਅਰਪਰਸਨ ਪ੍ਰੋ. ਵਾਈਕੇ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸਮਾਗਮ ਦੌਰਾਨ ਪ੍ਰੋ. ਰਾਵਲ ਨੇ ਇਸ ਉੱਦਮ ਨੂੰ ਪੂਰਾ ਕਰਨ ਲਈ ਵਿਭਾਗ ਨੂੰ ਦਿੱਤੇ ਸਹਿਯੋਗ ਲਈ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਜਾਣੂ ਕਰਵਾਇਆ ਕਿ ਹਾਲ ਵਿੱਚ ਲੱਕੜ ਦਾ ਸਾਰਾ ਕੰਮ ਪੁਰਾਣੇ ਅਣਵਰਤੇ ਫਰਨੀਚਰ ਅਤੇ ਅਤਿ-ਆਧੁਨਿਕ ਮਲਟੀ-ਮੀਡੀਆ ਸਹੂਲਤਾਂ ਨਾਲ ਤਿਆਰ ਕੀਤਾ ਗਿਆ ਹੈ, ਫਰਨੀਚਰ ਸਾਬਕਾ ਵਿਦਿਆਰਥੀਆਂ ਦੇ ਦਾਨ ਨਾਲ ਤਿਆਰ ਕੀਤਾ ਗਿਆ ਹੈ।
ਐਲੂਮਨੀ ਕੋਆਰਡੀਨੇਟਰ ਡਾ. ਮਨੀ ਚੋਪੜਾ ਅਤੇ ਖਜ਼ਾਨਚੀ ਡਾ. ਵਿਜੇ ਕੁਮਾਰ ਨੇ ਆਏ ਪਤਵੰਤਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।