ਮਿਹਰ ਸਿੰਘ
ਕੁਰਾਲੀ, 4 ਅਕਤੂਬਰ
ਮਾਜਰੀ ਦੇ ਬਲਾਕ ਸਮਿਤੀ ਅਤੇ ਸਬ-ਤਹਿਸੀਲ ਕੰਪਲੈਕਸ ਦੀ ਮਹਾਤਮਾ ਗਾਂਧੀ ਪਾਰਕ ਦਾ ਉਦਘਾਟਨ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਪਾਰਕ ਦਾ ਉਦਘਾਟਨ ਕੀਤਾ, ਜਦਕਿ ਸਮਾਗਮ ਦੀ ਪ੍ਰਧਾਨਗੀ ਇਨਫੋਟੈੱਕ ਦੇ ਵਾਈਸ ਚੇਅਰਮੈਨ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਕੀਤੀ। ਪਾਰਕ ਦੇ ਉਦਘਾਟਨ ਮਗਰੋਂ ਸ੍ਰੀ ਕੰਗ ਨੇ ਕਿਹਾ ਕਿ ਹਲਕੇ ਦੀ ਨੁਹਾਰ ਬਦਲਣ ਲਈ ਮੌਜੂਦਾ ਕੈਪਨਟ ਸਰਕਾਰ ਤਤਪਰ ਹੈ। ਉਨ੍ਹਾਂ ਕਿਹਾ ਕਿ ਇਸ ਮਨੋਰਥ ਲਈ ਹੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਪੰਜ ਨੁਕਾਤੀ ਪ੍ਰੋਗਰਾਮ ਚਲਾਇਆ ਗਿਆ ਹੈ, ਜਿਸ ਤਹਿਤ ਪਿੰਡਾਂ ਨੂੰ ਖੇਡ ਦੇ ਮੈਦਾਨ, ਪਾਰਕਾਂ, ਨਿਕਾਸੀ ਪ੍ਰਬੰਧ ਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸ੍ਰੀ ਕੰਗ ਨੇ ਕਿਹਾ ਪਿੰਡਾਂ ਵਿੱਚ ਪੰਜ ਨੁਕਾਤੀ ਪ੍ਰੋਗਰਾਮ ਸਫ਼ਲਤਾ ਨਾਲ ਚੱਲ ਰਿਹਾ ਹੈ ਜਿਸ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮੌਕੇ ਸ੍ਰੀ ਕੰਗ ਨੇ ਕਿਹਾ ਕਿ ਬਲਾਕ ਸਮਿਤੀ ਤੇ ਸਬ-ਤਹਿਸੀਲ ਕੰਪਲੈਕਸ ਵਿੱਚ ਪਾਰਕ ਬਣਨ ਨਾਲ ਇਸ ਕੰਪਲੈਕਸ ਦੀ ਦਿੱਖ ਨੂੰ ਚਾਰ ਚੰਨ ਲੱਗ ਗਏ ਹਨ। ਸ੍ਰੀ ਕੰਗ ਨੇ ਕਿਹਾ ਇਹ ਪਾਰਕ ਮਹਾਤਮਾ ਗਾਂਧੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ, ਜਿਨ੍ਹਾਂ ਅਹਿੰਸਾ ਤੇ ਸੱਚ ਦੇ ਰਾਹ ’ਤੇ ਚੱਲ ਕੇ ਦੇਸ਼ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇਸੇ ਦੌਰਾਨ ਵਾਈਸ ਚੇਅਰਮੈਨ ਯਾਦਵਿੰਦਰਾ ਸਿੰਘ ਕੰਗ ਨੇ ਪੰਚਾਇਤਾਂ ਨੂੰ ਯੋਜਨਾਬੱਧ ਤਰੀਕੇ ਨੇ ਪਿੰਡਾਂ ਦਾ ਵਿਕਾਸ ਕਰਨ ਅਤੇ ਤਰਜੀਹ ਬਣਾ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਲਈ ਗਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਯਾਦਵਿੰਦਰਾ ਕੰਗ ਨੇ ਕਿਹਾ ਕਿ ਮਹਾਤਮਾ ਗਾਂਧੀ ਵੱਲੋਂ ਦਿਖਾਏ ਗਏ ਆਦਰਸ਼ਾਂ ਅਹਿੰਸਾ, ਜਾਤ-ਪਾਤ ਤੋਂ ਉਪਰ ਉੱਠ ਕੇ ਚੰਗੇ ਸਮਾਜ ਦੀ ਸਿਰਜਣਾ ਕਰਨਾ, ਸਦਭਾਵਨਾ, ਭਾਈਚਾਰਕ ਸਾਂਝ ਅਤੇ ਦੇਸ਼ ਭਗਤੀ ਆਦਿ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਅਤੇ ਉਸ ਤੇ ਅਮਲ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਬੀਡੀਪੀਓ ਦਫ਼ਤਰ ਅਤੇ ਸਬ-ਤਹਿਸੀਲ ਦਫ਼ਤਰ ਮਾਜਰੀ ਦੇ ਸਮੂਹ ਅਫਸਰ ਸਾਹਿਬਾਨਾਂ ਨੂੰ ਵਧਾਈ ਦਿੱਤੀ ਅਤੇ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।