ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 30 ਦਸੰਬਰ
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ 75 ਲੱਖ ਰੁਪਏ ਦੀ ਲਾਗਤ ਨਾਲ ਸੈਕਟਰ-78, 79 ਅਤੇ 80 ਵਿੱਚ ਲਗਾਏ ਗਏ 3 ਓਪਨ ਏਅਰ ਜਿਮ ਅਤੇ ਪੇਵਰ ਬਲਾਕਾਂ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਨਗਰ ਨਿਗਮ ਅਧੀਨ ਆਉਂਦੇ ਪਾਰਕਾਂ ਵਿੱਚ ਵੱਧ ਤੋਂ ਵੱਧ ਜਿੰਮ ਲਗਵਾ ਕੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਕਸਰਤ ਦੀ ਸਹੂਲਤ ਦਿੱਤੀ ਜਾਵੇ। ਮੇਅਰ ਨੇ ਕਿਹਾ ਕਿ ਪਾਰਕਾਂ ਵਿੱਚ ਓਪਨ ਏਅਰ ਜਿੰਮ ਲਗਾਉਣ ਨਾਲ ਲੋਕਾਂ ਨੂੰ ਘਰਾਂ ਨੇੜੇ ਕਸਰਤ ਕਰਨ ਦੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਜਿੱਥੇ ਜਿੱਥੇ ਵੀ ਪੇਵਰ ਬਲਾਕਾਂ ਦੀ ਲੋੜ ਹੈ ਉੱਥੇ ਲੋਕਾਂ ਦੀ ਰਾਇ ਅਤੇ ਲੋੜ ਅਨੁਸਾਰ ਪੇਵਰ ਬਲਾਕ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਮੇਅਰ ਬਣਾਇਆ ਹੈ ਤੇ ਉਹ ਪ੍ਰਾਪਰਟੀ ਟੈਕਸ ਦੇ ਰੂਪ ਵਿੱਚ ਆਉਣ ਵਾਲੇ ਪੈਸੇ ਦੀ ਦੁਰਵਰਤੋਂ ਨਹੀਂ ਹੋਣ ਦੇਣਗੇ। ਇਸ ਮੌਕੇ ਕੌਂਸਲਰ ਸੁੱਚਾ ਸਿੰਘ ਕਲੌੜ, ਹਰਜੀਤ ਸਿੰਘ ਭੋਲੂ, ਕੁਲਵਿੰਦਰ ਕੌਰ ਬਾਛਲ, ਨਵਜੋਤ ਸਿੰਘ ਬਾਛਲ, ਸੀਮਾ ਸਿੰਘ ਪ੍ਰਿੰਸੀਪਲ ਕੇਂਦਰੀ ਵਿਦਿਆਲਾ, ਮੇਵਾ ਸਿੰਘ, ਜੋਗਾ ਸਿੰਘ ਪਰਮਾਰ, ਸੁਰੇਸ਼ ਕੁਮਾਰ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।