ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਦਸੰਬਰ
ਇੱਥੇ ਅੱਜ ਆਮਦਨ ਕਰ ਵਿਭਾਗ ਦੀ ਟੀਮ ਨੇ ਸ਼ਹਿਰ ਦੇ ਪੰਜ ਤਾਰਾ ਹੋਟਲ ਜੇਡਬਲਿਊ ਮੈਰੀਅਟ ਅਤੇ ਟੌਰਕ ਫਰਮਾਸਿਊਟੀਕਲਜ਼ ਪ੍ਰਾਈਵੇਟ ਲਿਮਿਟਡ ਨਾਲ ਸਬੰਧਤ ਇਕਾਈਆਂ ’ਤੇ ਛਾਪੇ ਮਾਰੇ।
ਆਮਦਨ ਕਰ ਵਿਭਾਗ ਦੀ ਟੀਮ ਨੇ ਪ੍ਰਮੁੱਖ ਨਿਰਦੇਸ਼ਕ ਆਨੰਦ ਝਾਅ, ਵਧੀਕ ਡਾਇਰੈਕਟਰ ਅੰਕੁਰ ਅਤੇ ਡਿਪਟੀ ਡਾਇਰੈਕਟਰ ਜੋਤੀਇੰਦਰ ਕੌਰ ਬਾਜਵਾ ਦੀ ਅਗਵਾਈ ਹੇਠ ਸਵੇਰੇ 7.30 ਵਜੇ ਛਾਪੇ ਮਾਰਨ ਦੀ ਕਾਰਵਾਈ ਸ਼ੁਰੂ ਕੀਤੀ ਜੋ ਕਿ ਦੇਰ ਰਾਤ ਤੱਕ ਜਾਰੀ ਰਹੀ। ਇਸ ਦੌਰਾਨ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਜਾਇਦਾਦ ਅਤੇ ਵਪਾਰ ਨਾਲ ਸਬੰਧਤ ਦਸਤਾਵੇਜ਼ ਅਤੇ ਹੋਰਨਾਂ ਇਲੈਕਟ੍ਰੌਨਿਕ ਉਪਕਰਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੀ ਟੀਮ ਨੇ ਟੌਰਕ ਫਰਮਾਸਿਊਟੀਕਲਜ਼ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਪਰਮਜੀਤ ਸਿੰਘ ਛਤਵਾਲ, ਅਮਰ ਇਕਬਾਲ ਸਿੰਘ ਬੇਦੀ ਤੇ ਜੇਡਬਲਿਊ ਮੈਰੀਅਟ ਹੋਟਲ ਚੰਡੀਗੜ੍ਹ ਦੇ ਮਾਲਕ ਹਰਪਾਲ ਸਿੰਘ ਦੇ ਘਰਾਂ, ਦਫ਼ਤਰਾਂ ਸਮੇਤ ਪੰਜਾਬ, ਚੰਡੀਗੜ੍ਹ ਅਤੇ ਮੁੰਬਈ ਵਿਚ ਸਥਿਤ 22 ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਛਾਪਿਆਂ ਦੌਰਾਨ ਬੇਨਾਮੀ ਜਾਇਦਾਦਾਂ ਅਤੇ ਵਿਦੇਸ਼ੀ ਨਿਵੇਸ਼ਾਂ ਨਾਲ ਸਬੰਧਤ ਦਸਤਾਵੇਜ਼ ਮਿਲੇ ਹਨ।