ਪੱਤਰ ਪ੍ਰੇਰਕ
ਚੰਡੀਗੜ੍ਹ, 23 ਦਸੰਬਰ
ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਕੋਆਪ੍ਰੇਟਿਵ ਬੈਂਕ ਐਂਪਲਾਈਜ਼ ਫੈਡਰੇਸ਼ਨ (ਸਟੇਟ ਆਫ਼ ਪੰਜਾਬ) ਵੱਲੋਂ ਅਣਮਿਥੇ ਸਮੇਂ ਲਈ ਕਲਮ ਛੱਡੋ ਹੜਤਾਲ ਸ਼ੁਰੂ ਕਰ ਦਿੱਤੀ ਹੈ। ਅੱਜ ਬੈਂਕ ਕਰਮਚਾਰੀ ਫੈਡਰੇਸ਼ਨ ਦੇ ਬੈਨਰ ਹੇਠ ਪੂਰਾ ਦਿਨ ਹੜਤਾਲ ਉਤੇ ਰਹੇ ਅਤੇ ਸੈਕਟਰ 34 ਚੰਡੀਗੜ੍ਹ ਸਥਿਤ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦੇ ਬਾਹਰ ਗੇਟ ਰੈਲੀ ਕੀਤੀ ਜਿਸ ਵਿੱਚ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਅਤੇ 20 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦੇ ਲਗਭਗ 500 ਮੁਲਾਜ਼ਮਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਬੈਂਕ ਦੇ ਸੇਵਾਮੁਕਤ ਮੁਲਾਜ਼ਮਾਂ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਬੈਂਕ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਮੰਗ ਕੀਤੀ। ਫੈਡਰੇਸ਼ਨ ਦੇ ਕਨਵੀਨਰ ਰਾਜਵੀਰ ਸਿੰਘ ਭੰਗੂ ਨੇ ਕਿਹਾ ਕਿ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਵਿੱਚ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ ਅਤੇ ਹੁਣ ਬੈਂਕ ਦੀ ਮੈਨੇਜਮੈਂਟ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਵਿੱਚ ਟਾਲਾ ਵੱਟ ਰਹੀ ਹੈ। ਉਨ੍ਹਾਂ ਬੈਂਕ ਦੇ ਇੱਕ ਉੱਚ ਅਧਿਕਾਰੀ ਉੱਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਅਧਿਕਾਰੀ ਵੱਲੋਂ ਰਿਪੋਰਟ ਲਾਗੂ ਕਰਨ ਵਿੱਚ ਬੇਲੋੜੀਆਂ ਅੜਚਨਾਂ ਪਾਈਆਂ ਜਾ ਰਹੀਆਂ ਹਨ।
ਕਨਵੀਨਰ ਭੰਗੂ ਨੇ ਦੱਸਿਆ ਕਿ ਬੈਂਕ ਦੀਆਂ ਚੰਡੀਗੜ੍ਹ ਅਤੇ ਪੂਰੇ ਪੰਜਾਬ ਵਿੱਚ 822 ਬ੍ਰਾਂਚਾਂ ਅਤੇ 20 ਜ਼ਿਲ੍ਹਾ ਹੈੱਡਕੁਆਰਟਰ ਕਲਮ ਛੱਡੋ ਹੜਤਾਲ ’ਤੇ ਚਲੇ ਗਏ ਹਨ ਪ੍ਰੰਤੂ ਆਪਣੇ ਬੈਂਕ ਦੇ ਗਾਹਕਾਂ ਅਤੇ ਅਦਾਰੇ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਕਲੀਅਰਿੰਗ ਅਤੇ ਡੀ.ਬੀ.ਟੀ. ਦੀਆਂ ਸੇਵਾਵਾਂ ਨੂੰ ਇਸ ਹੜਤਾਲ ਤੋਂ ਛੋਟ ਦਿੱਤੀ ਗਈ ਹੈ।
ਉਨ੍ਹਾਂ ਬੈਂਕ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੈਨੇਜਮੈਂਟ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਬੈਂਕ ਵਿੱਚ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਬੈਂਕ ਮੁਲਾਜ਼ਮਾਂ ਦੇ ਸੰਘਰਸ਼ ਨੂੰ ਕੋਆਪ੍ਰੇਟਿਵ ਬੈਂਕ ਆਫ਼ੀਸਰਜ਼ ਐਸੋਸੀਏਸ਼ਨ (ਕੋਬੋਆ), ਹਿਮਾਚਲ ਸਟੇਟ ਕੋਆਪ੍ਰੇਟਿਵ ਬੈਂਕ ਯੂਨੀਅਨ ਅਤੇ ਲੈਂਡ ਮਾਰਗੇਜ਼ ਬੈਂਕ ਕਰਮਚਾਰੀ ਯੂਨੀਅਨ ਵੱਲੋਂ ਵੀ ਹਮਾਇਤ ਕੀਤੀ ਗਈ।