ਪੱਤਰ ਪ੍ਰੇਰਕ
ਬਨੂੜ, 16 ਅਗਸਤ
ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਨੂੜ ਵਿੱਚ ਕਿਸਾਨ ਸਭਾ ਦੇ ਆਗੂਆਂ ਦੀ ਅਗਵਾਈ ਹੇਠ ਕਿਸਾਨ ਤਿਰੰਗਾ ਮਾਰਚ ਕੱਢਿਆ ਗਿਆ। ਇਸ ਮੌਕੇ ਬੰਨੋ ਮਾਈ ਮੰਦਰ ਵਿੱਚ ਕਿਸਾਨਾਂ ਦੀ ਭਰਵੀਂ ਇਕੱਤਰਤਾ ਹੋਈ, ਜਿਸ ਮਗਰੋਂ ਸਮੁੱਚੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਕਿਸਾਨਾਂ ਨੇ ਪੈਦਲ ਮਾਰਚ ਕੱਢਿਆ। ਇਸ ਮੌਕੇ ਬੋਲਦਿਆਂ ਉਪਰੋਕਤ ਲੀਡਰਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸ਼ਹੀਦਾਂ ਅਤੇ ਹੋਰ ਯੋਧਿਆਂ ਨੂੰ ਯਾਦ ਕੀਤਾ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਬਲਾਕ ਖਮਾਣੋਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦਿੱਤੇ ਸੱਦੇ ਉਤੇ ਤਹਿਸੀਲ ਪੱਧਰ ’ਤੇ ਵਿਸ਼ਾਲ ਤਿਰੰਗਾ ਰੈਲੀਆਂ ਕੱਢੀਆਂ ਗਈਆਂ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਅਮਰਾਲਾ ਨੇ ਦੱਸਿਆ ਕਿ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਦੇਸ਼ ਦਾ 75ਵਾਂ ਆਜ਼ਾਦੀ ਦਿਵਸ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ’ ਵਜੋਂ ਮਨਾਉਣ ਦਾ ਫੈ਼ਸਲਾ ਲਿਆ ਸੀ ਜਿਸ ਵਿਚ ਪੂਰੇ ਬਲਾਕ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਕਿਸਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਲਾਲੜੂ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਤੇ ਸੱਦੇ ’ਤੇ ਦੱਪਰ ਟੌਲ ਪਲਾਜ਼ਾ ’ਤੇ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਬੈਠੇ ਕਿਸਾਨਾਂ ਨੇ ਕਿਸਾਨ, ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ ਮਨਾਇਆ ਤੇ ਤਿਰੰਗਾ ਯਾਤਰਾ ਕੱਢੀ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦੱਪਰ ਟੌਲ ਪਲਾਜ਼ਾ ’ਤੇ ਤਿਰੰਗਾ ਯਾਤਰਾ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਕਿਸਾਨ ਆਪਣੇ ਵਾਹਨਾਂ ’ਤੇ ਤਿਰੰਗੇ ਲਹਿਰਾ ਕੇ ਸ਼ਾਮਲ ਹੋਏ। ਇਹ ਯਾਤਰਾ ਟੋਲ ਪਲਾਜ਼ਾ ਦੱਪਰ ਤੋਂ ਸ਼ੁਰੂ ਹੋ ਕੇ ਭਾਂਖਰਪੁਰ ਤੋਂ ਵਾਪਸ ਆਈਟੀਆਈ ਚੌਕ ਲਾਲੜੂ ਹੁੰਦੀ ਹੋਈ ਟੌਲ ਪਲਾਜ਼ਾ ’ਤੇ ਸਮਾਪਤ ਹੋਈ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਹਜ਼ਾਰਾਂ ਕਿਸਾਨਾਂ ਨੇ 75ਵੇਂ ਸੁਤੰਤਰਤਾ ਦਿਵਸ ਉੱਤੇ ਜ਼ਿਲ੍ਹੇ ਵਿੱਚ ਟਰੈਕਟਰਾਂ ਰਾਹੀਂ ਤਿਰੰਗਾ ਯਾਤਰਾ ਕੱਢੀ। ਇਹ ਟਰੈਕਟਰ ਯਾਤਰਾ ਪੰਚਕੂਲਾ ਦੇ ਬਰਵਾਲਾ ਇਲਾਕੇ ਤੋਂ ਸ਼ੁਰੂ ਹੁੰਦੀ ਹੋਈ ਪਿੰਡ ਮੜਾਂਵਾਲਾ, ਪਿੰਡ ਖੰਗੇਸਰਾ ਤੋਂ ਤਿਰਲੋਕਪੁਰ ਚੌਕ ਰਾਏਪੁਰਰਾਣੀ ਗਈ ਅਤੇ ਫੇਰ ਬਰਵਾਲਾ ਟੌਲ ਪਲਾਜ਼ਾ ’ਤੇ ਸਮਾਪਤ ਹੋਈ। ਕਿਸਾਨਾਂ ਨੇ ਇਸ ਮੌਕੇ ’ਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਗਏ ਤਿੰਨੋ ਕਾਨੂੰਨ ਵਾਪਸ ਹੋਣ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਜ਼ਿਲ੍ਹੇ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਥੱਲੇ ਆਜ਼ਾਦੀ ਦਿਵਸ ਦੇ ਮੌਕੇ ਤਿਰੰਗਾ ਯਾਤਰਾ ਕੱਢੀ ਗਈ, ਜੋ ਸ਼ਹਿਰ ਦੀ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਅੰਬਾਲਾ ਕਲੱਬ ਹੁੰਦੀ ਹੋਈ ਛਾਉਣੀ ਵਿੱਚ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਘਰ ਦੇ ਸਾਹਮਣੇ ਹੋ ਕੇ ਸ਼ੰਭੂ ਟੌਲ ਪਲਾਜ਼ਾ ’ਤੇ ਪਹੁੰਚ ਕੇ ਖ਼ਤਮ ਹੋਈ। ਇਸ ਯਾਤਰਾ ਵਿਚ ਸੈਂਕੜੇ ਕਿਸਾਨਾਂ ਨੇ ਵਾਹਨਾਂ ’ਤੇ ਸ਼ਮੂਲੀਅਤ ਕੀਤੀ।
ਅਣਪਛਾਤੇ ਵਿਅਕਤੀਆਂ ਨੇ ਕਿਸਾਨੀ ਝੰਡੇ ਪਾੜੇ
ਜ਼ੀਰਕਪੁਰ (ਹਰਜੀਤ ਸਿੰਘ): ਆਜ਼ਾਦੀ ਦਿਹਾੜੇ ਮੌਕੇ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਤਿਰੰਗਾ ਅਤੇ ਕਿਸਾਨੀ ਝੰਡਾ ਲਹਿਰਾਉਣ ਦੇ ਸੱਦੇ ’ਤੇ ਸਥਾਨਕ ਪਿੰਡ ਲੋਹਗੜ੍ਹ ਵਿੱਚ ਕਿਸਾਨਾਂ ਨੇ ਪਿੰਡ ਦੇ ਪਾਰਕ ਵਿੱਚ ਬਣੀ ਪਾਣੀ ਦੀ ਟੈਂਕੀ ’ਤੇ ਕੌਮੀ ਝੰਡੇ ਦੇ ਨਾਲ ਕੇਸਰੀ ਤੇ ਕਿਸਾਨੀ ਝੰਡਾ ਵੀ ਲਹਿਰਾਇਆ ਗਿਆ ਸੀ। ਇਨ੍ਹਾਂ ਵਿੱਚੋਂ ਕਿਸੇ ਸ਼ਰਾਰਤੀ ਅਨਸਰ ਨੇ ਕਿਸਾਨੀ ਝੰਡੇ ਫਾੜ ਦਿੱਤੇ। ਸਥਾਨਕ ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਇਸ ਪਾਰਕ ਵਿੱਚ ਆਰਐੱਸਐੱਸ ਦੇ ਕਾਰਕੁਨਾਂ ਵੱਲੋਂ ਪੁਲੀਸ ਸੁਰੱਖਿਆ ਹੇਠ ਲਗਾਤਾਰ ਸ਼ਾਖਾ ਲਗਾਈ ਜਾਂਦੀ ਹੈ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਕਿਸਾਨੀ ਝੰਡਿਆਂ ਨੂੰ ਆਰਐੱਸਐੱਸ ਦੇ ਕਾਰਕੁਨਾਂ ਨੇ ਹੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਨੇ ਕੌਮੀ ਝੰਡਾ ਤੇ ਕੇਸਰੀ ਝੰਡਾ ਛੱਡ ਕਿਸਾਨੀ ਝੰਡੇ ਨੂੰ ਫਾੜ ਕੇ ਸੁੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿਸਾਨ ਜਥੇਬੰਦੀਆਂ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਹਨ। ਇਸ ਸਬੰਧੀ ਐੱਸਐੱਚਓ ਜ਼ੀਰਕਪੁਰ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਅੱਜ ਪੁਲੀਸ ਨੂੰ ਸੂਚਨਾ ਮਿਲੀ ਸੀ, ਜਿਸ ਮਗਰੋਂ ਮੌਕੇ ’ਤੇ ਜਾ ਕੇ ਜਾਂਚ ਕੀਤੀ ਗਈ। ਹਾਲ ਦੀ ਘੜ੍ਹੀ ਉਕਤ ਪਾਰਕ ਵਿੱਚ ਆਰਐੱਸਐੱਸ ਦੀ ਕੋਈ ਸ਼ਾਖਾ ਲੱਗਣ ਸੰਬਧੀ ਜਾਣਕਾਰੀ ਨਹੀਂ ਮਿਲੀ ਹੈ।