ਆਤਿਸ਼ ਗੁਪਤਾ/ਕੁਲਦੀਪ ਸਿੰਘ
ਚੰਡੀਗੜ੍ਹ, 27 ਸਤੰਬਰ
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਦਸ ਮਹੀਨੇ ਤੋਂ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ‘ਭਾਰਤ ਬੰਦ’ ਦੇ ਸੱਦੇ ਦਾ ਚੰਡੀਗੜ੍ਹ ਵਿੱਚ ਵੀ ਅਸਰ ਦੇਖਣ ਨੂੰ ਮਿਲਿਆ। ਇੱਥੇ ਵੱਖ-ਵੱਖ ਜਥੇਬੰਦੀਆਂ ਨੇ ਸ਼ਹਿਰ ਵੱਲ ਆਉਂਦੀਆਂ ਸਾਰੀਆਂ ਸੜਕਾਂ ਧਰਨੇ ਲਗਾ ਕੇ ਜਾਮ ਕੀਤੀਆਂ ਹੋਈਆਂ ਸਨ ਜਿਸ ਕਰ ਕੇ ਸ਼ਹਿਰ ਵਿੱਚ ਸੁੰਨ ਪਸਰੀ ਰਹੀ। ਇਸ ਤੋਂ ਇਲਾਵਾਂ ਚੰਡੀਗੜ੍ਹ ਦੇ ਪਿੰਡਾਂ ਵਿੱਚ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ।
ਕਿਸਾਨ ਧਰਨਿਆਂ ਵਿੱਚ ਬੁਲਾਰਿਆਂ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਦਸ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ। ਇਸ ਦੌਰਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਕਿਸਾਨ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਕੇ ਫ਼ਸਲਾਂ ਨੂੰ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ। ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉੱਦੋਂ ਤੱਕ ਕਿਸਾਨ ਅੰਦੋਲਨ ਜਾਰੀ ਰਹੇਗਾ। ਚੰਡੀਗੜ੍ਹ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਹੱਲੋਮਾਜਰਾ ਚੌਕ ਅਤੇ ਮੁੱਲਾਪੁਰ ਬੈਰੀਅਰ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਸ਼ਹਿਰ ’ਚ ਸੁੰਨ ਪਸਰੀ ਰਹੀ। ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਲੱਗੇ ਧਰਨਿਆਂ ਕਾਰਨ ਨੌਕਰੀਆਂ ਤੇ ਹੋਰ ਕੰਮਕਾਜ ਲਈ ਚੰਡੀਗੜ੍ਹ ਆਉਣ ਵਾਲੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ ਪਰ ਕਿਸਾਨ ਜਥੇਬੰਦੀਆਂ ਨੇ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ। ਕਿਸਾਨ ਆਗੂਆਂ ਨੇ ਐਂਬੂਲੈਂਸ ਜਾਂ ਹੋਰ ਐਮਰਜੈਂਸੀ ਸੇਵਾਵਾਂ ਨੂੰ ਰਾਹ ਦੇਣ ਲਈ ਵਾਲੰਟੀਅਰ ਤਾਇਨਾਤ ਕੀਤੇ ਹੋਏ ਸਨ।
ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਨੂੰ ਭਰਪੂਰ ਸਮਰਥਨ ਦਿੰਦਿਆਂ ਅੱਜ ਚੰਡੀਗੜ੍ਹ ਦੇ ਪਿੰਡਾਂ ਨੇੜਲੀਆਂ ਵੱਖ-ਵੱਖ ਥਾਵਾਂ ’ਤੇ ਧਰਨੇ ਦਿੱਤੇ ਗਏ। ਸੰਘਰਸ਼ ਕਮੇਟੀ ਦੇ ਪ੍ਰਧਾਨ ਨੰਬਰਦਾਰ ਦਲਜੀਤ ਸਿੰਘ ਪਲਸੌਰਾ ਦੀ ਅਗਵਾਈ ਵਿੱਚ ਕੀਤੇ ਗਏ ਇਨ੍ਹਾਂ ਧਰਨਿਆਂ ਅਤੇ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਲ ਲੋਕਾਂ ਵੱਲੋਂ ਸੜਕੀ ਆਵਾਜਾਈ ਬੰਦ ਕੀਤੀ ਗਈ ਅਤੇ ਖੁੱਲ੍ਹ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਦੱਸਿਆ ਕਿ ਚੰਡੀਗੜ੍ਹ ਦੇ ਸਾਰੇ ਪਿੰਡਾਂ ਦੀਆਂ ਮਾਰਕੀਟਾਂ ਪੂਰਨ ਤੌਰ ’ਤੇ ਬੰਦ ਰਹੀਆਂ ਅਤੇ ਬੰਦ ਦਾ ਸੱਦਾ ਚੰਡੀਗੜ੍ਹ ਵਿਚ ਸਫ਼ਲ ਰਿਹਾ। ਇਕੱਤਰ ਹੋਏ ਪਿੰਡਾਂ ਦੇ ਲੋਕਾਂ ਵੱਲੋਂ ਹੱਲੋਮਾਜਰਾ ਲਾਈਟ ਪੁਆਇੰਟਾਂ ਬੰਦ ਕੀਤਾ ਗਿਆ ਜਿੱਥੇ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ, ਜੋਗਿੰਦਰ ਸਿੰਘ, ਬਾਬਾ ਗੁਰਦਿਆਲ ਸਿੰਘ, ਸੁਖਜੀਤ ਸਿੰਘ ਸੁੱਖਾ, ਸ਼ਰਨਜੀਤ ਸਿੰਘ, ਇੰਦਰਜੀਤ ਸਿੰਘ ਗਰੇਵਾਲ ਅਤੇ ਮਹਿਲਾ ਆਗੂ ਜਸਵਿੰਦਰ ਕੌਰ, ਹਰਮਨਪ੍ਰੀਤ ਕੌਰ, ਚੰਡੀਗੜ੍ਹ ਪੰਜਾਬੀ ਮੰਚ ਤੋਂ ਦੇਵੀ ਦਿਆਲ ਸ਼ਰਮਾ, ਸੀਟੀਯੂ ਤੋਂ ਭੁਪਿੰਦਰ ਸਿੰਘ ਅਤੇ ਸੈਕਟਰ 45 ਤੋਂ ਮੁਸਲਿਮ ਭਾਈਚਾਰੇ ਨੇ ਵੀ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਬਾਬਾ ਸਾਧੂ ਸਿੰਘ ਦੀ ਅਗਵਾਈ ਵਿੱਚ ਕਮੇਟੀ ਦੇ ਮੈਂਬਰ ਵੱਲੋਂ ਮੁੱਲਾਂਪੁਰ ਬੈਰੀਅਰ, ਜੋਗਾ ਸਿੰਘ ਦੀ ਅਗਵਾਈ ਵਿੱਚ ਵਾਈਪੀਐੱਸ ਚੌਕ ਮੁਹਾਲੀ, ਅਮਰੀਕ ਸਿੰਘ ਦੀ ਅਗਵਾਈ ਵਿੱਚ ਤੋਗਾਂ ਰੋਡ ਦੇ ਜਾਮ ਵਿੱਚ ਸ਼ਮੂਲੀਅਤ ਕੀਤੀ ਗਈ।
ਦੂਜੇ ਪਾਸੇ ਰਾਜਧਾਨੀ ਚੰਡੀਗੜ੍ਹ ਦੇ ਬਾਜ਼ਾਰ ਸਾਰਾ ਦਿਨ ਖੁੱਲ੍ਹੇ ਰਹੇ ਪਰ ਗਾਹਕ ਨਾ ਹੋਣ ਕਾਰਨ ਦਿਨ ਭਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਸੁੁੰਨ ਪਸਰੀ ਰਹੀ। ਸ਼ਹਿਰ ਦੀਆਂ ਜਿਨ੍ਹਾਂ ਪਾਰਕਿੰਗਾਂ ਵਿੱਚ ਵਾਹਨ ਖੜ੍ਹ ਕਰਨ ਨੂੰ ਥਾਂ ਨਹੀਂ ਸੀ ਮਿਲਦੀ, ਅੱਜ ਉੱਥੇ ਕਾਂ ਬੋਲ ਰਹੇ ਸਨ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਬੰਦ ਕਰਨਾ ਉਨ੍ਹਾਂ ਦਾ ਸ਼ੌਕ ਨਹੀਂ, ਮਜਬੂਰੀ ਹੈ। ਬੰਦ ਦੌਰਾਨ ਆਮ ਲੋਕਾਂ ਲਈ ਲੰਗਰ-ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਉੱਧਰ, ਚੰਡੀਗੜ੍ਹ ਪੁਲੀਸ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ।
ਭਾਰਤ ਬੰਦ ਨੂੰ ਪੀਯੂ ਵਿੱਚ ਵੀ ਮਿਲਿਆ ਚੰਗਾ ਹੁੰਗਾਰਾ
ਚੰਡੀਗੜ੍ਹ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚੋਂ ਵੀ ਮੋਦੀ ਸਰਕਾਰ ਖਿਲਾਫ਼ ਅਵਾਜ਼ਾਂ ਉੱਠੀਆਂ। ਇੱਥੇ ਵਿਦਿਆਰਥੀਆਂ ਨੇ ਹੱਥਾਂ ਵਿੱਚ ਕਿਸਾਨ-ਮਜ਼ਦੂਰ-ਵਿਦਿਆਰਥੀ ਏਕਤਾ ਜ਼ਿੰਦਾਬਾਦ ਦੇ ਪੋਸਟਰ ਫੜ ਕੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਭਾਰਤ ਬੰਦ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਇਆ। ਵਿਦਿਆਰਥੀ ਜਥੇਬੰਦੀਆਂ ਵਿਚ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਤੋਂ ਗੁਰਦੀਪ ਸਿੰਘ, ਸਟੂਡੈਂਟਸ ਫਾਰ ਸੁਸਾਇਟੀ ਤੋਂ ਸੰਦੀਪ, ਗਗਨ, ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ਤੋਂ ਮਨਜੋਧ ਪੱਡਾ, ਯੂਥ ਫਾਰ ਸਵਰਾਜ ਤੋਂ ਅੰਕੁਰ, ਐੱਨਐੱਸਯੂਆਈ, ਪੀਐੱਸਯੂ (ਲਲਕਾਰ), ਐੱਸਐੱਫਆਈ ਅਤੇ ਆਇਸਾ ਤੋਂ ਵਿਦਿਆਰਥੀ ਆਗੂਆਂ ਨੇ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਨੇ ਸੈਕਟਰ 14 ਦੀ ਮਾਰਕੀਟ ਵਿੱਚ ਰੋਸ ਰੈਲੀ ਕੱਢੀ ਅਤੇ ਫਿਰ ਪੀ.ਯੂ. ਦਾ ਗੇਟ ਨੰਬਰ 2 ਬੰਦ ਕਰਵਾਇਆ ਅਤੇ ਉਥੇ ਬੈਠ ਕੇ ਸਰਕਾਰ ਖਿਲਾਫ਼ ਧਰਨਾ ਦਿੱਤਾ। ਇਸੇ ਦੌਰਾਨ ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਤੇ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ ਦੇ ਸੱਦੇ ’ਤੇ ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਭੁੱਖ ਹੜਤਾਲੀ ਕੈਂਪ ਵਿੱਚ ਸ਼ਾਮਲ ਅਧਿਆਪਕਾਂ ਨੇ ਵੀ ਅੱਜ ਆਪਣੀਆਂ ਮੰਗਾਂ ਸਣੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ ਬੰਦ ਵਿੱਚ ਯੋਗਦਾਨ ਪਾਇਆ।
ਪੰਚਕੂਲਾ ਰਿਹਾ ਪੂਰੀ ਤਰ੍ਹਾਂ ਬੰਦ; ਸ਼ਾਹਰਾਹ ਰਹੇ ਸੁੰਨਸਾਨ
ਪੰਚਕੂਲਾ (ਪੀ.ਪੀ. ਵਰਮਾ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਅੱਜ ਪੰਚਕੂਲਾ ਪੂਰੀ ਤਰ੍ਹਾਂ ਬੰਦ ਰਿਹਾ। ਇਸ ਦੌਰਾਨ ਕੌਮੀ ਸ਼ਾਹਰਾਹ ਨੰਬਰ-21 ਪਿੰਜੌਰ-ਨਾਲਾਗੜ੍ਹ, ਐੱਨਐੱਚ-5 ਕਾਲਕਾ ਸ਼ਿਮਲਾ, ਪੰਚਕੂਲਾ-ਯਮੁਨਾਨਗਰ ਟੌਲ ਪਲਾਜ਼ਾ ਉੱਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ। ਪੁਲੀਸ ਨੇ ਇਨ੍ਹਾਂ ਟੌਲ ਪਲਾਜ਼ਿਆਂ ਨੂੰ ਛਾਊਣੀ ਬਣਾਇਆ ਹੋਇਆ ਸੀ। ਅੱਜ ਪੰਚਕੂਲਾ ਦਾ ਬੱਸ ਅੱਡਾ ਵੀ ਬਿਲਕੁਲ ਸੁੰਨਾ ਰਿਹਾ। ਸਿਹਤ ਵਿਭਾਗ ਦੀਆਂ ਗੱਡੀਆਂ, ਐਂਬੂਲੈਂਸਾਂ ਅਤੇ ਪੁਲੀਸ ਦੀਆਂ ਗੱਡੀਆਂ ਹੀ ਸੜਕਾਂ ’ਤੇ ਦਿਖਾਈ ਦਿੱਤੀਆਂ। ਕਿਸਾਨ ਆਗੂ ਕਰਮ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਨਾਲ-ਨਾਲ ਰੇਹੜੀ-ਫੜ੍ਹੀ ਵਾਲਿਆਂ ਤੇ ਦੁਕਾਨਦਾਰਾਂ ਨੇ ਵੀ ਇਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਪੰਚਕੂਲਾਂ ਦੀਆਂ ਮਾਰਕੀਟਾਂ ਵਿੱਚ ਕੈਮਿਸਟ ਤੇ ਡੇਅਰੀਆਂ ਹੀ ਖੁੱਲ੍ਹੀਆਂ ਰਹੀਆਂ, ਬਾਕੀ ਸਾਰੀਆਂ ਦੁਕਾਨਾਂ ਬੰਦ ਸੀ। ਕਾਲਕਾ-ਸ਼ਿਮਲਾ ਟੌਲ ਪਲਾਜ਼ਾ ਅਤੇ ਬਰਵਾਲਾ- ਯਮੂਨਾਨਗਰ ਟੌਲ ਪਲਾਜ਼ਾ ’ਤੇ ਸਵੇਰੇ 6 ਵਜੇ ਹੀ ਕਿਸਾਨ ਪਹੁੰਚ ਗਏ ਸਨ। ਇਨ੍ਹਾਂ ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ ਲਏ ਜਾਣ। ਜ਼ਿਲ੍ਹਾ ਪ੍ਰਸ਼ਾਸਨ ਨੇ ਬੰਦ ਨੂੰ ਦੇਖਦੇ ਹੋਏ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਇੱਕ ਦਰਜਨ ਤੋਂ ਵੱਧ ਡਿਊਟੀ ਮੈਜਿਸਟਰੇਟ ਵੱਖ-ਵੱਖ ਥਾਵਾਂ ’ਤੇ ਨਿਯੁਕਤ ਕੀਤੇ ਹੋਏ ਸਨ। ਸਥਾਨਕ ਕਿਸਾਨਾਂ ਨੇ ਅੱਜ ਦੇ ਇਸ ਬੰਦ ਨੂੰ ਪੂਰੀ ਤਰ੍ਹਾਂ ਸਫ਼ਲ ਦੱਸਿਆ। ਬੰਦ ਕਾਰਨ ਕਈ ਮੁਲਾਜ਼ਮ ਦਫ਼ਤਰਾਂ ਵਿੱਚ ਨਹੀਂ ਪਹੁੰਚ ਸਕੇ।