ਆਤਿਸ਼ ਗੁਪਤਾ
ਚੰਡੀਗੜ੍ਹ, 17 ਸਤੰਬਰ
ਚੰਡੀਗੜ੍ਹ ਵੈਲਫ਼ੇਅਰ ਟਰੱਸਟ, ਐੱਨ.ਆਈ.ਡੀ. ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 72ਵੇਂ ਜਨਮ ਦਿਨ ’ਤੇ ਸੈਕਟਰ-39 ਦੀ ਅਨਾਜ ਮੰਡੀ ਵਿੱਚ ਸਿਹਤ ਜਾਂਚ ਕੈਂਪ ਲਗਾਇਆ ਗਿਆ।
ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਕੈਂਪ ਦੀ ਸ਼ੁਰੂਆਤ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕੀਤੀ। ਇਸ ਮੌਕੇ ਸਕਿੱਲ ਡਿਵੈਲਪਮੈਂਟ ਕੋਰਸ ਮੁਕੰਮਲ ਕਰਨ ਵਾਲੀਆਂ 100 ਮਹਿਲਾਵਾਂ ਨੂੰ ਸਰਟੀਫ਼ਿਕੇਟ ਵੰਡੇ ਗਏ।
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਸਦਕਾ 25 ਸਾਲਾਂ ’ਚ ਭਾਰਤ ਵਿਸ਼ਵ ਮਹਾਸ਼ਕਤੀ ਬਣਨ ਲਈ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਜਦੋਂ ਦੇਸ਼ ਆਜ਼ਾਦੀ ਦੇ 100 ਸਾਲਾਂ ਜਸ਼ਨ ਮਨਾ ਰਿਹਾ ਹੋਵੇਗਾ, ਉਸ ਵੇਲੇ ਭਾਰਤ ਵਿਕਸਿਤ, ਸਮਰੱਥ ਅਤੇ ਮਜ਼ਬੂਤ ਰਾਸ਼ਟਰ ਵਜੋਂ ਉੱਭਰਿਆ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ’ਤੇ ਸੇਵਾ ਪੰਦਰਵਾੜੇ ਨੂੰ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਨੂੰ ਵਿਕਸਤ ਰਾਸ਼ਟਰ ਵਜੋਂ ਉਭਾਰਨ ਲਈ ਮਜ਼ਬੂਤ ਨੀਂਹ ਰੱਖੀ ਹੈ। ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਜਨਮ ਦਿਨ ਭਾਰਤ ਵਿੱਚ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਲੋਕ ਭਲਾਈ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਮਨਾਇਆ ਜਾ ਰਿਹਾ ਹੈ। ਇਸ ਨੂੰ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਮਨਾਉਣ ਦਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਕੈਂਸਰ ਸਮੇਤ ਟੀ.ਬੀ ਦੀ ਜਾਂਚ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਸ ਲਈ ਸਾਲ 2025 ਤੱਕ ਭਾਰਤ ਨੂੰ ਟੀ.ਬੀ ਮੁਕਤ ਬਣਾਉਣ ਲਈ ਲੋਕਾਂ ਨੂੰ ਇਸ ਮੁਫ਼ਤ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਗਈ ਹੈ। ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦੇ ਸੰਸਥਾਪਕ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧ ਦੀ ਅਗਵਾਈ ਹੇਠ ਲਗਾਏ ਗਏ ਕੈਂਪ ਵਿੱਚ 20 ਹਜ਼ਾਰ ਤੋਂ ਵੱਧ ਲੋਕਾਂ ਨੇ ਵੱਖ-ਵੱਖ ਸਿਹਤ ਸੇਵਾਵਾਂ ਦਾ ਲਾਭ ਲਿਆ। ਕੈਂਪ ਦੌਰਾਨ 10 ਦੇ ਕਰੀਬ ਕੈਂਸਰ ਮੋਬਾਇਲ ਵੈਨਾਂ ਲਗਾਈਆਂ ਗਈਆਂ, ਜਿਥੇ 2 ਹਜ਼ਾਰ ਤੋਂ ਵੱਧ ਲੋਕਾਂ ਨੇ ਵੱਖ-ਵੱਖ ਕੈਂਸਰਾਂ ਦੀ ਸਕਰੀਨਿੰਗ ਦਾ ਲਾਭ ਵੀ ਲਿਆ।
ਪੁਲੀਸ ਨੇ ਸਮ੍ਰਿਤੀ ਦਾ ਵਿਰੋਧ ਕਰ ਰਹੇ ਯੂਥ ਕਾਂਗਰਸੀ ਹਿਰਾਸਤ ’ਚ ਲਏ
ਚੰਡੀਗੜ੍ਹ (ਆਤਿਸ਼ ਗੁਪਤਾ): ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਅੱਜ ਸੈਕਟਰ 39 ਦੀ ਅਨਾਜ ਮੰਡੀ ਵਿੱਚ ਲਾਏ ਗਏ ਮੈਗਾ ਸਿਹਤ ਜਾਂਚ ਕੈਂਪ ਵਿੱਚ ਕੇਂਦਰੀ ਮੰਤਰ ਸਮ੍ਰਿਤੀ ਇਰਾਨੀ ਪਹੁੰਚੇ। ਉਨ੍ਹਾਂ ਦੇ ਚੰਡੀਗੜ੍ਹ ਪੁੱਜਣ ’ਤੇ ਯੂਥ ਕਾਂਗਰਸ ਨੇ ਉਨ੍ਹਾਂ ਦਾ ਵਿਰੋਧ ਕੀਤਾ। ਚੰਡੀਗੜ੍ਹ ਯੂਥ ਕਾਂਗਰਸ ਦੇ ਆਗੂਆਂ ਨੇ ਸੈਕਟਰ-56 ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਮਗਰੋਂ ਸੈਕਟਰ-39 ਵੱਲ ਵਧਦਿਆਂ ਉਨ੍ਹਾਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਥਾਣਾ ਸੈਕਟਰ-39 ਦੀ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ‘ਕੌਮੀ ਬੇਰੁਜ਼ਗਾਰੀ ਦਿਵਸ’ ਵਜੋਂ ਮਨਾਇਆ। ਯੂਥ ਕਾਂਗਰਸ ਦੇ ਮੀਤ ਪ੍ਰਧਾਨ ਦੀਪਕ ਲੁਬਾਣਾ ਨੇ ਕਿਹਾ ਕਿ ਅੱਜ ਬੇਰੁਜ਼ਗਾਰੀ ਨੇ ਪਿਛਲੇ 45 ਸਾਲਾਂ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਹੈ ਜਦੋਂ ਕਿ ਪ੍ਰਧਾਨ ਮੰਤਰੀ ਵੱਲੋਂ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਦੇ ਬਾਵਜੂਦ ਦੇਸ਼ ਵਿੱਚ ਸਿਰਫ਼ 10 ਲੱਖ ਨੌਕਰੀਆਂ ਹੀ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਬਣਦੀ ਸਹੂਲਤਾਂ ਪਹੁੰਚਾਉਣ ਵਿੱਚ ਨਾਕਾਮ ਸਾਬਤ ਹੋਈ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਨਿੱਜੀਕਰਨ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਵਿਨਾਇਕ ਬਾਂਗਿਆ, ਸੁਖਦੇਵ ਸਿੰਘ, ਨਵਦੀਪ ਸਿਾਂਘ, ਧੀਰਜ ਗੁਪਤਾ, ਦੀਪਕ ਜੈਸਵਾਲ, ਵਿਕਾਲ ਖੰਨਾ, ਜਸਪ੍ਰੀਤ ਸਿੰਘ ਅਤੇ ਵੱਡੀ ਗਿਣਤੀ ’ਚ ਯੂਥ ਕਾਂਗਰਸੀ ਹਾਜ਼ਰ ਰਹੇ।