ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ. ਨਗਰ(ਮੁਹਾਲੀ), 21 ਅਗਸਤ
ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਭਵਨ ਵਿੱਚ ਐਸੋਸੀਏਸ਼ਨ ਦੀ 48ਵੀਂ ਸਾਲਾਨਾ ਚੋਣ ਮੌਕੇ ਸਮਾਲ ਸਕੇਲ ਇੰਡਸਟਰੀਜ਼ ਨਾਲ ਜੁੜੇ ਮੈਂਬਰਾਂ ਵੱਲੋਂ ਬਾਈਕਾਟ ਕੀਤੇ ਜਾਣ ਕਾਰਨ ਅੱਜ ਐਸੋਸੀਏਸ਼ਨ ਦੀ ਚੋਣ ਨਹੀਂ ਹੋ ਸਕੀ। ਇਸ ਦੌਰਾਨ ਪ੍ਰੀਜ਼ਾਈਡਿੰਗ ਅਫ਼ਸਰ ਸੰਜੀਵ ਵਸ਼ਿਸ਼ਟ ਵੱਲੋਂ ਤਿੰਨ ਮਹੀਨੇ ਲਈ ਚੋਣਾਂ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਅਤੇ ਮੌਜੂਦਾ ਅਹੁਦੇਦਾਰਾਂ ਨੂੰ ਹੀ ਤਿੰਨ ਹੋਰ ਮਹੀਨੇ ਲਈ ਕੰਮ ਕਰਨ ਵਾਸਤੇ ਆਖਿਆ ਗਿਆ। ਜਨਰਲ ਇਜਲਾਸ ਮੌਕੇ ਪਿਛਲੀ ਕਮੇਟੀ ਵੱਲੋਂ ਸਮੁੱਚਾ ਲੇਖਾ-ਜੋਖਾ ਦਿੱਤੇ ਜਾਣ ਮਗਰੋਂ ਅਗਲੀ ਕਾਰਜਕਾਰਨੀ ਦੀ ਚੋਣ ਕਰਨ ਵੇਲੇ ਸਮਾਲ ਸਕੇਲ ਇੰਡਸਟਰੀਜ਼ ਨਾਲ ਜੁੜੇ ਮੈਂਬਰਾਂ ਨੇ ਮੰਗ ਰੱਖੀ ਕਿ ਵੱਡੇ, ਦਰਮਿਆਨੇ ਅਤੇ ਛੋਟੇ ਉਦਯੋਗਾਂ ਵਿੱਚੋਂ ਕੈਟਾਗਰੀ ਅਨੁਸਾਰ ਤਿੰਨ-ਤਿੰਨ ਮੈਂਬਰ ਚੁਣਨ ਦੀ ਥਾਂ ਨੌਂ ਮੈਂਬਰੀ ਕਾਰਜਕਾਰਨੀ ਦੀ ਖੁੱਲ੍ਹੀ ਚੋਣ ਕਰਵਾਈ ਜਾਵੇ। ਉਨ੍ਹਾਂ ਚੋਣ ਲੜਨ ਲਈ ਸਿਰਫ਼ ਪਹਿਲਾਂ ਨਾਮਜ਼ਦ ਕੀਤੇ ਜਾਂਦੇ ਮੈਂਬਰਾਂ ਦੀ ਥਾਂ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਨੂੰ ਚੋਣ ਲੜਨ ਦੀ ਖੁੱਲ੍ਹ ਦੇਣ ਦੀ ਮੰਗ ਵੀ ਰੱਖੀ। ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼ ਸਾਗਰ ਤੇ ਹੋਰਨਾਂ ਨੇ ਇਹ ਕਹਿ ਕੇ ਉਨ੍ਹਾਂ ਦੀਆਂ ਦੋਵੇਂ ਮੰਗਾਂ ਰੱਦ ਕਰ ਦਿੱਤੀਆਂ ਕਿ ਐਸੋਸੀਏਸ਼ਨ ਦੇ ਸੰਵਿਧਾਨ ਵਿੱਚ ਅਜਿਹਾ ਪ੍ਰਬੰਧ ਨਹੀਂ ਹੈ ਤੇ ਜਨਰਲ ਇਜਲਾਸ ਵਿੱਚ ਪਹਿਲਾਂ ਤੋਂ ਨਿਰਧਾਰਤ ਏਜੰਡੇ ਅਨੁਸਾਰ ਹੀ ਵਿਚਾਰ ਹੋ ਸਕਦਾ ਹੈ।
ਸਮਾਲ ਸਕੇਲ ਇੰਡਸਟਰੀਜ਼ ਦੇ ਮੈਂਬਰ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਾ ਹੋਣ ਉੱਤੇ ਭੜਕ ਉੱਠੇ ਅਤੇ ਉਨ੍ਹਾਂ ਚੋਣ ਦਾ ਬਾਈਕਾਟ ਕਰ ਦਿੱਤਾ। ਇਜਲਾਸ ’ਚ ਵਧੇਰੇ ਮੈਂਬਰ ਸਮਾਲ ਸਕੇਲ ਇੰਡਸਟਰੀਜ਼ ਦੇ ਸਨ। ਸਮਾਲ ਸਕੇਲ ਇੰਡਸਟਰੀ ਦੇ ਨੁਮਾਇੰਦਿਆਂ ਇਕਬਾਲ ਸਿੰਘ, ਜਗਦੀਪ ਸਿੰਘ, ਦਿਲਪ੍ਰੀਤ ਸਿੰਘ ਬੋਪਾਰਾਏ, ਕਰਨ ਬੋਪਾਰਾਏ ਤੇ ਕੇਐੱਸ ਮਾਹਲ ਨੇ ਆਖਿਆ ਕਿ ਐਸੋਸੀਏਸ਼ਨ ਵਿੱਚ 408 ਮੈਂਬਰ ਸਮਾਲ ਸਕੇਲ ਇੰਡਸਟਰੀ ਦੇ, 56 ਮੈਂਬਰ ਦਰਮਿਆਨੇ ਉਦਯੋਗਾਂ ਤੇ 34 ਮੈਂਬਰ ਵੱਡੇ ਉਦਯੋਗਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਜਦੋਂ ਮੈਂਬਰ ਸਭ ਤੋਂ ਵੱਧ ਛੋਟੇ ਉਦਯੋਗਾਂ ਨਾਲ ਸਬੰਧਤ ਹਨ ਤਾਂ ਫਿਰ ਛੋਟੇ ਉਦਯੋਗਾਂ ਨਾਲ ਜੁੜੇ ਮੈਂਬਰਾਂ ਨੂੰ ਨੁਮਾਇੰਦਗੀ ਕਿਉਂ ਨਹੀਂ ਦਿੱਤੀ ਜਾਂਦੀ।
ਜਲਦੀ ਹੱਲ ਹੋਵੇਗਾ ਮਾਮਲਾ: ਚੋਣ ਅਧਿਕਾਰੀ
ਐਸੋਸੀਏਸ਼ਨ ਦੀ ਚੋਣ ਕਰਵਾਉਣ ਲਈ ਨਿਯੁਕਤ ਕੀਤੇ ਚੋਣ ਅਧਿਕਾਰੀ ਅਤੇ ਸਾਬਕਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਚੋਣ ਮੁਲਤਵੀ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਤਿੰਨ ਮਹੀਨੇ ਲਈ ਸਟੇਟਸ-ਕੋਅ ਕਰ ਦਿੱਤਾ ਗਿਆ ਹੈ। ਪਹਿਲੀ ਕਮੇਟੀ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਿੱਚ ਕੋਈ ਫੁੱਟ ਨਹੀਂ ਪਵੇਗੀ ਅਤੇ ਜਲਦੀ ਹੀ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਨ ਉਪਰੰਤ ਮਾਮਲਾ ਹੱਲ ਕਰ ਲਿਆ ਜਾਵੇਗਾ।