ਮੁਕੇਸ਼ ਕੁਮਾਰ
ਚੰਡੀਗੜ੍ਹ, 9 ਅਪਰੈਲ
ਪੈਟਰੋਲ, ਡੀਜ਼ਲ, ਸੀਐੱਨਜੀ ਅਤੇ ਰਸੋਈ ਗੈਸ ਦੀਆਂ ਕੀਮਤਾਂ ਤੋਂ ਬਾਅਦ ਹੁਣ ਨਿੰਬੂ ਤੇ ਮਿਰਚ ਦੀਆਂ ਕੀਮਤਾਂ ਨੂੰ ਮਹਿੰਗਾਈ ਦੀ ‘ਨਜ਼ਰ’ ਲੱਗ ਗਈ। ਨਿੰਬੂ ਦੇ ਭਾਅ ਨੇ ਤਾਂ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਨਿੰਬੂ ਰਿਟੇਲ ਮਾਰਕੀਟ ਵਿੱਚ 300 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ। ਇਹ ਭਾਅ ਇੱਥੋਂ ਦੀ ਸੈਕਟਰ 26 ਦੀ ਫਲ ਅਤੇ ਸਬਜੀ ਮੰਡੀ ਦਾ ਹੈ। ਸ਼ਹਿਰ ਦੇ ਸੈਕਟਰਾਂ ਤੱਕ ਪੁੱਜਦੇ ਪੁੱਜਦੇ ਇਹ ਰੇਟ ਹੋਰ ਵੀ ਮਹਿੰਗਾ ਹੋ ਜਾਂਦਾ ਹੈ। ਕਈ ਥਾਵਾਂ ’ਤੇ ਤਾਂ ਪ੍ਰਤੀ ਨਿੰਬੂ 10 ਤੋਂ 15 ਰੁਪਏ ਦਾ ਵੇਚਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹਰੀ ਮਿਰਚ ਵੀ 60 ਤੋਂ 80 ਰੁਪਏ ਪ੍ਰਤੀ ਕਿਲੋ ਮਿਲ ਰਹੀ ਹੈ। ਹਾਲਾਂਕਿ ਮਿਰਚ ਦੇ ਭਾਅ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਗਿਰਾਵਟ ਆਈ ਹੈ। ਹਰੀ ਮਿਰਚ ਹਫ਼ਤੇ ਪਹਿਲਾਂ ਤੱਕ 100 ਤੋਂ 140 ਰੁਪਏ ਕਿੱਲੋ ਤੱਕ ਵਿਕ ਰਹੀ ਸੀ। ਸੈਕਟਰ 26 ਮੰਡੀ ਦੇ ਇੱਕ ਸਬਜ਼ੀ ਵਿਕਰੇਤਾ ਨੇ ਦੱਸਿਆ ਕਿ ਅਚਾਨਕ ਨਾਲ ਗਰਮੀ ਵੱਧਣ ਨਾਲ ਨਿੰਬੂ ਦੀ ਖਪਤ ਵੱਧਣ ਨਾਲ ਨਿੰਬੂ ਦੀ ਮੰਗ ਵਿੱਚ ਵੀ ਕਈ ਗੁਣਾ ਵਾਧਾ ਹੋ ਗਿਆ ਹੈ ਜਦੋਂ ਕਿ ਪਿੱਛੇ ਤੋਂ ਨਿੰਬੂ ਦੀ ਸਪਲਾਈ ਖਪਤ ਅਨੁਸਾਰ ਆ ਨਹੀਂ ਰਹੀ। ਉਨ੍ਹਾਂ ਦੱਸਿਆ ਕਿ ਗੁਜਰਾਤ ਦਾ ਨਿੰਬੂ ਆਉਣਾ ਸ਼ੁਰੂ ਹੋਇਆ ਹੈ, ਇਸ ’ਤੇ ਨਿੰਬੂ ਦੇ ਭਾਅ ਅਗਲੇ ਕੁਝ ਦਿਨਾਂ ਵਿੱਚ ਹੇਠਾਂ ਆ ਸਕਦੇ ਹਨ।
ਬਨੂੜ (ਕਰਮਜੀਤ ਸਿੰਘ ਚਿੱਲਾ): ਨਿੱਤ ਦਿਨ ਵਧ ਰਹੀਆਂ ਕੀਮਤਾਂ ਕਾਰਨ ਹਰੀਆਂ ਅਤੇ ਮੌਸਮੀ ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ। ਪਿਛਲੇ ਇੱਕ ਮਹੀਨੇ ਤੋਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਆਮ ਲੋਕ ਬੇਹੱਦ ਪ੍ਰੇਸ਼ਾਨ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਭਿੰਡੀ ਦਾ ਮੁੱਲ 160 ਰੁਪਏ ਕਿਲੋ ’ਤੇ ਪਹੁੰਚ ਗਿਆ ਹੈ। ਦਸ ਤੋਂ ਵੀਹ ਰੁਪਏ ਕਿਲੋ ਰਹਿਣ ਵਾਲੀ ਘੀਆ 40 ਰੁਪਏ ਕਿਲੋ ਹੋ ਗਈ ਹੈ। ਅਦਰਕ 80 ਰੁਪਏ ਕਿਲੋ, ਮਟਰ 80 ਰੁਪਏ ਕਿਲੋ, ਗੋਭੀ 40 ਰੁਪਏ ਕਿਲੋ, ਪਿਆਜ਼ 30 ਰੁਪਏ ਕਿਲੋ, ਟਮਾਟਰ 40 ਰੁਪਏ ਕਿਲੋ, ਕਰੇਲਾ 120 ਰੁਪਏ ਕਿਲੋ, ਸ਼ਿਮਲਾ ਮਿਰਚ 80 ਰੁਪਏ ਕਿਲੋ, ਫ਼ਰਾਸਬੀਨ 80 ਰੁਪਏ ਕਿਲੋ ਹੋ ਗਏ ਹਨ। ਸਬਜ਼ੀਆਂ ਵਾਲਿਆਂ ਵੱਲੋਂ ਸਬਜ਼ੀ ਦੇ ਨਾਲ ਮੁਫ਼ਤ ਵਿੱਚ ਦਿੱਤਾ ਜਾਣ ਵਾਲਾ ਹਰੇ ਧਨੀਏ ਦੀ ਇੱਕ ਛੋਟੀ ਜਿਹੀ ਗੁੱਛੀ ਵੀ ਵੀਹ ਰੁਪਏ ਦੀ ਹੋ ਗਈ ਹੈ।
ਜਾਣਕਾਰੀ ਅਨੁਸਾਰ ਰਸੋਈ ਨਾਲ ਸਬੰਧਿਤ ਹੋਰ ਵਸਤਾਂ ਜਿਨ੍ਹਾਂ ਵਿੱਚ ਦਾਲਾਂ, ਤੇਲ, ਘਿਓ ਆਦਿ ਸ਼ਾਮਿਲ ਹਨ, ਦੀਆਂ ਵੀ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਵਧਦੀ ਮਹਿੰਗਾਈ ਤੋਂ ਆਮ ਲੋਕੀਂ ਬੇਹੱਦ ਪ੍ਰੇਸ਼ਾਨ ਹਨ। ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਬਨੂੜ ਖੇਤਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੇ ਖੇਤਾਂ ਵਿੱਚ ਹਰੀ ਮਿਰਚ, ਪਿਆਜ, ਆਲੂ ਤੇ ਹੋਰ ਸਬਜ਼ੀਆਂ ਹੁੰਦੀਆਂ ਹਨ, ਉਦੋਂ ਰੇਟ ਬਿਲਕੁੱਲ ਥੱਲੇ ਆ ਜਾਂਦੇ ਹਨ ਤੇ ਹੁਣ ਹਰ ਸਬਜ਼ੀ ਖਪਤਕਾਰ ਦੀ ਪਹੁੰਚ ਤੋਂ ਬਾਹਿਰ ਹੋ ਗਈ ਹੈ।