ਹਰਜੀਤ ਸਿੰਘ
ਡੇਰਾਬੱਸੀ, 22 ਜਨਵਰੀ
ਡੇਰਾਬੱਸੀ ਖੇਤਰ ਦੇ ਦੋ ਪੋਲਟਰੀ ਫਾਰਮਾਂ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਣ ਮਗਰੋਂ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੁਰਗੀਆਂ ਨੂੰ ਮਾਰਨ ਦੀ ਮੁਹਿੰਮ ਸ਼ੁਰੂ ਕਰਵਾਈ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਬਣਾਈ ਟੀਮ ਨੇ ਅੱਜ 11 ਹਜ਼ਾਰ ਮੁਰਗੀਆਂ ਨੂੰ ਬੇਹੋਸ਼ ਕਰਨ ਮਗਰੋਂ ਮਾਰ ਕੇ ਧਰਤੀ ਹੇਠ ਦਬਾ ਦਿੱਤਾ। ਇਨ੍ਹਾਂ ਦੋਵੇਂ ਪੋਲਟਰੀ ਫਾਰਮਾਂ ਵਿੱਚ 50 ਹਜ਼ਾਰ ਮੁਗਰੀਆਂ ਨੂੰ ਮਾਰਿਆ ਜਾਵੇਗਾ। ਇਹ ਕਾਰਵਾਈ ਹੁਣ ਅੱਗੇ ਵੀ ਜਾਰੀ ਰਹੇਗੀ। ਅੱਜ ਦੀ ਕਾਰਵਾਈ ਪੁਲੀਸ ਦੇ ਪਹਿਰੇ ਹੇਠ ਚਲੀ ਜਿਸ ਦੌਰਾਨ ਪ੍ਰਸ਼ਾਸਨ ਦੇ ਉਚ ਅਧਿਕਾਰੀ ਵੀ ਹਾਜ਼ਰ ਸਨ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਖੇਤਰ ਦੇ ਪਿੰਡ ਬੇਹੜਾ ਵਿਚ ਸਥਿਤ ਅਲਫਾ ਅਤੇ ਰੋਇਲ ਪੋਲਟਰੀ ਫਾਰਮਾਂ ਦੀ ਰਿਪੋਰਟ ਜਲੰਧਰ ਲੈਬ ਤੋਂ 15 ਜਨਵਰੀ ਨੂੰ ਸ਼ੱਕੀ ਆਈ ਸੀ ਜਿਸ ਮਗਰੋਂ ਸੈਂਪਲਾਂ ਨੂੰ ਭੁਪਾਲ ਲੈਬ ਵਿੱਚ ਭੇਜਿਆ ਗਿਆ ਸੀ। ਉਥੋਂ 20 ਜਨਵਰੀ ਨੂੰ ਰਿਪੋਰਟ ਪਾਜ਼ੇਟਿਵ ਆਈ ਸੀ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਦੋਵੇਂ ਪੋਲਟਰੀ ਫਾਰਮਾਂ ਦੀ ਮੁਰਗੀਆਂ ਨੂੰ ਮਾਰਨ ਲਈ 25 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਸੀ ਤੇ ਹਰੇਕ ਟੀਮ ਵਿੱਚ ਪੰਜ ਮੈਂਬਰ ਸ਼ਾਮਲ ਹਨ।
ਅੱਜ ਸਵੇਰ ਤੋਂ ਹੀ ਟੀਮਾਂ ਪੂਰੀ ਤਿਆਰੀ ਨਾਲ ਮੌਕੇ ’ਤੇ ਪਹੁੰਚੀਆਂ ਤੇ ਮੁਰਗੀਆਂ ਨੂੰ ਬਿਨਾਂ ਦਰਦ ਦਿੱਤੇ ਪਹਿਲਾਂ ਫੀਡ ਵਿੱਚ ਦਵਾਈ ਦੇ ਕੇ ਬੇਹੋਸ਼ ਕੀਤਾ ਗਿਆ ਤੇ ਮਗਰੋਂ ਗਰਦਨ ਮਰੋੜ ਕੇ ਮਾਰ ਦਿੱਤਾ ਗਿਆ। ਇਸ ਮਗਰੋਂ ਮਰੀ ਹੋਈ ਮੁਰਗੀਆਂ ਨੂੰ ਥੈਲਿਆਂ ਵਿੱਚ ਭਰਕੇ ਖੱਡੇ ਵਿੱਚ ਦਬਾ ਦਿੱਤਾ ਗਿਆ।