ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 12 ਨਵੰਬਰ
ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸੈਕਟਰ-53 ਦੇ ਨੀਵੇਂ ਇਲਾਕੇ ਵਿਚ ਬਾਇਓ-ਮਿੱਟੀ ਦੀ ਭਰਾਈ ਸਬੰਧੀ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਨਗਰ ਨਿਗਮ ਦੇ ਸਬੰਧਤ ਇੰਜਨੀਅਰਾਂ ਨੂੰ ਪਲਾਂਟ ਵਿੱਚ ਬਾਇਓ-ਸੋਇਲ ਰੀਪ੍ਰੋਸੈਸ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕਮਿਸ਼ਨਰ ਨੇ ਅੱਜ ਨਗਰ ਨਿਗਮ ਦੇ ਇੰਜਨੀਅਰਾਂ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਸਾਈਟ ਦਾ ਮੁਆਇਨਾ ਕੀਤਾ। ਅਜਿਹੀਆਂ ਰਿਪੋਰਟਾਂ ਸਨ ਕਿ ਸੈਕਟਰ-53 ਦੇ ਨੀਵੇਂ ਖੇਤਰ ਵਿੱਚ ਅਰਧ-ਪ੍ਰੋਸੈਸ ਜਾਂ ਗੈਰ-ਪ੍ਰੋਸੈਸਡ ਬਾਇਓ-ਮਿੱਟੀ ਨੂੰ ਡੰਪ ਕੀਤਾ ਜਾ ਰਿਹਾ ਹੈ। ਕਮਿਸ਼ਨਰ ਅਮਿਤ ਕੁਮਾਰ ਨੇ ਜਾਂਚ ਤੋਂ ਬਾਅਦ ਇਹ ਪਾਇਆ ਗਿਆ ਕਿ ਸੈਕਟਰ-53 ਦੇ ਨੀਵੇਂ ਥਾਂ ’ਤੇ ਭਰੀ ਬਾਇਓ ਮਿੱਟੀ ਦੀ ਗੁਣਵੱਤਾ ਸਹੀ ਨਹੀਂ ਸੀ। ਕਮਿਸ਼ਨਰ ਨੇ ਸਾਲਿਡ ਵੇਸਟ ਮੈਨੇਜਮੈਂਟ ਅਧੀਨ ਇਸ ਪ੍ਰਾਜੈਕਟ ਵਿੱਚ ਲੱਗੇ ਸਬੰਧਤ ਇੰਜਨੀਅਰਾਂ ਨੂੰ ਪਲਾਂਟ ਵਿੱਚ ਤੁਰੰਤ ਬਾਇਓ-ਸੋਇਲ ਰੀਪ੍ਰੋਸੈਸ ਕਰਨ ਦੇ ਨਿਰਦੇਸ਼ ਦਿੱਤੇ ਅਤੇ ਡੱਡੂਮਾਜਰਾ ਡੰਪ ਸਾਈਟ ’ਤੇ ਵਿਰਾਸਤੀ ਰਹਿੰਦ-ਖੂੰਹਦ ਦੀ ਬਾਇਓ-ਖਣਨ ਪ੍ਰਾਜੈਕਟ ਦੀ ਪ੍ਰੋਸੈਸਿੰਗ ਦੀ ਵਿਸਥਾਰਤ ਰਿਪੋਰਟ ਮੰਗੀ। ਕਮਿਸ਼ਨਰ ਨੇ ਇੰਜਨੀਅਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਸਾਈਟ ’ਤੇ ਹੋਰ ਉਪਚਾਰਕ ਕਦਮ ਚੁੱਕਣ ਅਤੇ ਪਲਾਂਟ ’ਤੇ ਰੀਪ੍ਰੋਸੈਸਿੰਗ ਲਈ ਸਾਰੇ ਅਰਧ-ਪ੍ਰੋਸੈਸ ਕੀਤੇ ਠੋਸ ਕੂੜੇ ਨੂੰ ਚੁੱਕਣ ਦੇ ਵੀ ਨਿਰਦੇਸ਼ ਦਿੱਤੇ।