ਮਿਹਰ ਸਿੰਘ
ਕੁਰਾਲੀ, 5 ਅਗਸਤ
ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਅਧਿਕਾਰੀਆਂ ਦੀ ਟੀਮ ਨਾਲ ਸ਼ਹਿਰ ਦਾ ਦੌਰਾ ਕਰਦਿਆਂ ਸਵੱਛ ਭਾਰਤ ਮਿਸ਼ਨ ਮੁਹਿੰਮ, ਸ਼ਹਿਰ ਦੀ ਸਾਫ਼ ਸਫਾਈ ਅਤੇ ਸਥਾਨਕ ਸੀਸਵਾਂ ਰੋਡ ’ਤੇ ਸਥਿਤ ਨਗਰ ਕੌਂਸਲ ਦੇ ਕੰਪੋਸਟ ਖਾਦ ਪਲਾਂਟ ਦਾ ਨਿਰੀਖਣ ਕੀਤਾ। ਉਨ੍ਹਾਂ ਮਿਸ਼ਨ ਤਹਿਤ ਸ਼ਹਿਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸ਼ਹਿਰ ਦੀ ਸਾਫ਼ ਸਫਾਈ ਨੂੰ ਹੋਰ ਬਿਹਤਰ ਬਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ, ਸੈਨੇਟਰੀ ਇੰਸਪੈਕਟਰ ਦਰਸ਼ਨ ਕੁਮਾਰ, ਰਜਿੰਦਰ ਕੁਮਾਰ ਅਤੇ ਸਫ਼ਾਈ ਮੁਹਿੰਮ ਦੀ ਇੰਚਾਰਜ਼ ਨੀਤੂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਸ਼ਹਿਰ ਵਿੱਚ ਜੋ ਕੂੜਾ ਲੋਕ ਘਰਾਂ ਤੋਂ ਬਾਹਰ ਸੁੱਟਦੇ ਸਨ, ਹੁਣ ਉਸ ਦੀ ਖਾਦ ਤਿਆਰ ਕੀਤੀ ਜਾ ਰਹੀ ਹੈ। ਸ਼ਹਿਰ ਦੇ ਹਰੇਕ ਘਰ ਤੋਂ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਨ ਦੌਰਾਨ ਸਬਜ਼ੀਆਂ, ਪੱਤਿਆਂ, ਫਲਾਂ ਦੇ ਛਿਲਕਿਆਂ ਵਰਗੇ ਕੂੜੇ ਤੋਂ ਵਰਮੀ ਕੰਪੋਸਟ ਖਾਦ ਬਣਾਈ ਜਾ ਰਹੀ ਹੈ।
ਪੂਜਾ ਗਰੇਵਾਲ ਨੇ ਕੌਂਸਲ ਵੱਲੋਂ ਬਣਾਏ ਕੰਪੋਸਟ ਯੂਨਿਟ ਅਤੇ ਸ਼ਹਿਰ ਦੀ ਸਾਫ਼ ਸਫਾਈ ਆਦਿ ਦਾ ਨਿਰੀਖਣ ਕਰਨ ਉਪਰੰਤ ਕੌਂਸਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।