ਹਰਜੀਤ ਸਿੰਘ
ਜ਼ੀਰਕਪੁਰ, 28 ਜੁਲਾਈ
ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਸ਼ਹਿਰ ਵਿੱਚ ਚਲ ਰਹੇ ਦੋ ਨਸ਼ਾ ਛੁਡਾਊ ਕੇਂਦਰਾਂ ਦਾ ਦੌਰਾ ਕੀਤਾ। ਢਕੋਲੀ ਕਮਿਊਨਿਟੀ ਹੈਲਥ ਸੈਂਟਰ ਦੇ ਮੈਡੀਕਲ ਅਫਸਰ ਮਹਿਤਾਬ ਬੱਲ ਦੀ ਅਗਵਾਈ ਹੇਠ ਟੀਮ ਨੇ ਐੱਮ.ਐੱਸ. ਐਨਕਲੇਵ ਢਕੋਲੀ ਵਿੱਚ ਚੱਲ ਰਹੇ ਚੇਤਨਾ ਫਾਊਂਡੇਸ਼ਨ ਅਤੇ ਸੁਖਮਨ ਹਸਪਤਾਲ ਪਟਿਆਲਾ ਰੋਡ ਦਾ ਦੌਰਾ ਕੀਤਾ। ਇਸ ਮੌਕੇ ਚੇਤਨਾ ਫਾਊਂਡੇਸ਼ਨ ਨਸ਼ਾ ਛੁਡਾਊ ਕੇਂਦਰ ਵਿੱਚ ਭਾਰੀ ਖਾਮੀਆਂ ਮਿਲੀਆਂ।
ਮੈਡੀਕਲ ਅਫਸਰ ਮਹਿਤਾਬ ਗਿੱਲ ਨੇ ਦੱਸਿਆ ਕਿ ਚੇਤਨਾ ਫਾਊਂਡੇਸ਼ਨ ਰਿਹਾਇਸ਼ੀ ਖੇਤਰ ਵਿੱਚ ਚੱਲ ਰਿਹਾ ਹੈ ਜੋ ਕਿ ਨਿਯਮਾਂ ਦੇ ਉਲਟ ਹੈ। ਇਸ ਤੋਂ ਇਲਾਵਾ ਇਸ ਦੀ ਕੋਈ ਵੀ ਰਜਿਸਟ੍ਰੇਸ਼ਨ, ਲਾਇਸੈਂਸ ਅਤੇ ਕੋਈ ਵੀ ਮਨਜ਼ੂਰੀ ਨਹੀਂ ਹੈ। ਉਥੇ ਸਾਫ਼-ਸਫ਼ਾਈ ਦੀ ਵੀ ਕਾਫੀ ਘਾਟ ਪਾਈ ਗਈ। ਮੌਕੇ ’ਤੇ ਭਰਤੀ ਮਰੀਜ਼ਾਂ ਦੇ ਹਿਸਾਬ ਨਾਲ ਥਾਂ ਦੀ ਘਾਟ ਅਤੇ ਬਿਜਲੀ ਦੀਆਂ ਤਾਰਾਂ ਵੀ ਨੰਗੀਆਂ ਮਿਲੀਆਂ ਹਨ।
ਦੂਜੇ ਪਾਸੇ ਚੇਤਨਾ ਫਾਊਂਡੇਸ਼ਨ ਦੇ ਪ੍ਰਬੰਧਕਾਂ ਨੇ ਟੀਮ ਨੂੰ ਦੱਸਿਆ ਕਿ ਉਨ੍ਹਾਂ ਨੂੰ ਹਾਈ ਕੋਰਟ ਵੱਲੋਂ ਲਾਇਸੰਸ ਅਤੇ ਰਜਿਸਟ੍ਰੇਸ਼ਨ ਸਬੰਧੀ ਸਟੇਅ ਮਿਲੀ ਹੋਈ ਹੈ। ਇਸ ਤੋਂ ਇਲਾਵਾ ਟੀਮ ਨੂੰ ਪਟਿਆਲਾ ਰੋਡ ’ਤੇ ਚਲ ਰਹੇ ਦੂਜੇ ਨਸ਼ਾ ਛੁਡਾਓ ਕੇਂਦਰ ਸੁਖਮਨ ਹਸਪਤਾਲ ਵਿੱਚ ਕੋਈ ਖਾਮੀ ਨਹੀਂ ਪਾਈ ਗਈ। ਮੈਡੀਕਲ ਅਫਸਰ ਮਹਿਤਾਬ ਬੱਲ ਨੇ ਦੱਸਿਆ ਕਿ ਇਸ ਸਬੰਧੀ ਉਹ ਰਿਪੋਰਟ ਤਿਆਰ ਕਰ ਐੱਸ.ਡੀ.ਐੱਮ. ਡੇਰਾਬੱਸੀ ਸੌਂਪੀ ਜਾਵੇਗੀ ਜੋ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਉਣਗੇ।