ਪੱਤਰ ਪ੍ਰੇਰਕ
ਕੁਰਾਲੀ, 13 ਅਕਤੂਬਰ
ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਅੱਜ ਇੱਥੇ ਅਤਿਸ਼ਬਾਜ਼ੀ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ। ਐੱਸਡੀਐੱਮ ਖਰੜ ਦੀ ਅਗਵਾਈ ਵਾਲੀ ਇਸ ਟੀਮ ਨੇ ਦੁਕਾਨਦਾਰਾਂ ਨੂੰ ਸੁਪਰੀਮ ਕੋਰਟ ਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਇਸ ਦੌਰਾਨ ਇੱਕ ਅਣ-ਅਧਿਕਾਰਿਤ ਦੁਕਾਨ ਵੀ ਮੌਕੇ ’ਤੇ ਬੰਦ ਕਰਵਾਈ ਗਈ। ਐੱਸਡੀਐੱਮ ਖਰੜ ਰਵਿੰਦਰ ਸਿੰਘ ਤੇ ਡੀਐੱਸਪੀ ਮੁੱਲਾਂਪੁਰ ਗਰੀਬਦਾਸ ਧਰਮਵੀਰ ਸਿੰਘ ’ਤੇ ਆਧਾਰਿਤ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਅੱਜ ਸਥਾਨਕ ਮੋਰਿੰਡਾ ਰੋਡ ਅਤੇ ਬਡਾਲੀ ਰੋਡ ’ਤੇ ਚੱਲ ਰਹੀਆਂ ਅਤਿਸ਼ਬਾਜ਼ੀ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਤੇ ਦੁਕਾਨਾਂ ਦੇ ਲਾਇਸੈਂਸ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਕੀਤੇ ਪ੍ਰਬੰਧ ਦੇਖੇ। ਐੱਸਡੀਐੱਮ ਨੇ ਆਤਿਸ਼ਬਾਜੀ ਕਾਰੋਬਾਰੀਆਂ ਨੂੰ ਸਰਕਾਰੀ ਨੇਮਾਂ ਅਨੁਸਾਰ ਹੀ ਆਤਿਸ਼ਬਾਜੀ ਦੀ ਵਿਕਰੀ ਕਰਨ ਦੀਆਂ ਹਦਾਇਤਾਂ ਕਰਦਿਆਂ ਉਲੰਘਣਾ ਕਰਨ ’ਤੇ ਕਾਰਵਾਈ ਦੀ ਚਿਤਾਵਨੀ ਦਿੱਤੀ। ਕਾਰਵਾਈ ਤੋਂ ਬਾਅਦ ਐੱਸਡੀਐੱਮ ਨੇ ਇੱਕ ਦੁਕਾਨ ਬੰਦ ਕਰਨ ਦੀ ਪੁਸ਼ਟੀ ਕੀਤੀ ਅਤੇ ਨਾਲ ਹੀ ਆਵਾਜਾਈ ਵਿੱਚ ਵਿਘਨ ਨਾ ਪੈਣ ਦੇਣ ਲਈ ਢੁਕਵੇਂ ਪ੍ਰਬੰਧ ਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਦੱਸਿਆ ਕਿ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੱਕ ਟੀਮ ਬਣਾਈ ਗਈ ਹੈ।