ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 2 ਜੂਨ
ਪੰਜਾਬ ਵਿਜੀਲੈਂਸ ਬਿਊਰੋ ਨੇ ਇਕ ਪੁਰਾਣੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਮੁਹਾਲੀ ਨਗਰ ਨਿਗਮ ਵੱਲੋਂ ਕਰੀਬ ਤਿੰਨ ਸਾਲ ਪਹਿਲਾਂ ਕੀਤੇ ਵੱਖ-ਵੱਖ ਵਿਕਾਸ ਕੰਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਦੀ ਤਕਨੀਕੀ ਟੀਮ ਨੇ ਬੁੱਧਵਾਰ ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੋਂ ਤਕਰੀਬਨ ਦਰਜਨ ਸੈਂਪਲ ਲਏ ਹਨ। ਹਾਲਾਂਕਿ ਇਸ ਕਾਰਵਾਈ ਦੌਰਾਨ ਨਗਰ ਨਿਗਮ ਦੇ ਐਕਸੀਅਨ, ਐੱਸਡੀਓ ਅਤੇ ਜੇਈ ਰੈਂਕ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ ਪਰ ਵਿਜੀਲੈਂਸ ਦੀ ਜਾਂਚ ਬਾਰੇ ਕੋਈ ਵੀ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਇਕ ਅਧਿਕਾਰੀ ਨੇ ਇੱਥੋਂ ਤੱਕ ਕਿਹਾ ਕਿ ਇਹ ਸਿਆਸੀ ਖਿੱਚੋਤਾਣ ਦਾ ਨਤੀਜਾ ਹੈ। ਅਜਿਹੀਆਂ ਪੜਤਾਲਾਂ ਵਿੱਚ ਰਾਜਸੀ ਆਗੂ ਤਾਂ ਬਚ ਨਿਕਲੇ ਹਨ, ਗਾਜ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਡਿੱਗ ਜਾਂਦੀ ਹੈ। ਦੱਸਿਆ ਗਿਆ ਹੈ ਕਿ 2018-19 ਵਿੱਚ ਕਿਸੇ ਵਿਅਕਤੀ ਨੇ ਉਸ ਸਮੇਂ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ 10 ਕਰੋੜ ਦੀ ਲਾਗਤ ਕੀਤੇ ਵੱਖ-ਵੱਖ ਵਿਕਾਸ ਕੰਮਾਂ ’ਤੇ ਸਵਾਲ ਚੁੱਕਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਸੀ। ਜਿਵੇਂ ਹੁਣ ਕਈ ਕਾਂਗਰਸੀ ਮੰਤਰੀਆਂ ਦੇ ਵਿਭਾਗਾਂ ਦੀਆਂ ਫਾਈਲਾਂ ਤੋਂ ਵਿਜੀਲੈਂਸ ਨੇ ਮਿੱਟੀ ਝਾੜਨੀ ਸ਼ੁਰੂ ਕੀਤੀ ਹੈ, ਉਵੇਂ ਹੀ ਵਿਜੀਲੈਂਸ ਨੇ ਨਿਗਮ ਕੰਮਾਂ ਬਾਰੇ ਇਕ ਪੁਰਾਣੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਜਾਂਚ ਆਰੰਭੀ ਹੈ, ਜਦੋਂਕਿ ਇਸ ਤੋਂ ਪਹਿਲਾਂ ਹੁਣ ਤੱਕ ਤਿੰਨ ਸਾਲਾਂ ਵਿੱਚ ਵਿਜੀਲੈਂਸ ਨੇ ਸ਼ਿਕਾਇਤ ਨੂੰ ਦੱਬੀ ਰੱਖਿਆ।