ਹਰਜੀਤ ਸਿੰਘ
ਡੇਰਾਬੱਸੀ, 28 ਦਸੰਬਰ
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਐੱਸਡੀਐੱਮ ਦਫ਼ਤਰ, ਤਹਿਸੀਲ ਦਫ਼ਤਰ, ਸਬ ਰਜਿਸਟਰਾਰ ਦਫ਼ਤਰ ਅਤੇ ਬੀਡੀਪੀਓ ਦਫ਼ਤਰ, ਡੇਰਾਬੱਸੀ ਦੇ ਦਫ਼ਤਰੀ ਰਿਕਾਰਡ ਦੀ ਪੜਤਾਲ ਕੀਤੀ ਗਈ। ਉਨ੍ਹਾਂ ਹਦਾਇਤ ਕੀਤੀ ਕਿ ਸਟਾਫ਼ ਵਲੋਂ ਦਫਤਰੋਂ ਬਾਹਰ ਜਾਣ ਸਮੇਂ ਰਜਿਸਟਰ ਵਿਚ ਐਂਟਰੀ ਲਾਜ਼ਮੀ ਪਾਈ ਜਾਵੇ। ਉਨ੍ਹਾਂ ਦਫ਼ਤਰ ਵਿਖੇ ਬਾਓਮੈਟਰਿਕ ਸ਼ੁਰੂ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਵੱਲੋਂ ਕੋਰਟ ਕੇਸਾਂ ਦੀ ਪੜਤਾਲ ਕੀਤੀ ਗਈ ਅਤੇ ਕੋਰਟ ਕੇਸਾਂ ਦਾ ਰੂਲਾਂ ਅਨੁਸਾਰ ਸਮਾਂਬੱਧ ਨਿਬੇੜਾ ਕਰਨ ਲਈ ਕਿਹਾ ਗਿਆ। ਡਿਪਟੀ ਕਮਿਸ਼ਨਰ ਨੇ ਤਹਿਸੀਲ ਦਫ਼ਤਰ ਦਾ ਦੌਰਾ ਕਰਨ ਸਮੇਂ ਲੋਕਾਂ ਦੀਆ ਸਮੱਸਿਆਵਾਂ ਸੁਣੀਆਂ ਤੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਦਫ਼ਤਰ ਵਿੱਚ ਆਏ ਲੋਕਾਂ ਦੇ ਬੈਠਣ ਲਈ ਟੈਂਡਰ ਪਾਸ ਕਰਵਾ ਕੇ ਵੇਟਿੰਗ ਹਾਲ, ਮੀਟਿੰਗ ਹਾਲ ਅਤੇ ਗੱਡੀਆਂ ਦੀ ਪਾਰਕਿੰਗ ਬਣਾਉਣ ਲਈ ਕਿਹਾ। ਇਸ ਤੋਂ ਇਲਾਵਾ ਬੀਡੀਪੀਓ ਦੇ ਦਫ਼ਤਰ ਵਿਖੇ ਮਨਰੇਗਾ ਸਟਾਫ਼ ਅਤੇ ਦਫ਼ਤਰੀ ਸਟਾਫ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਲਈ ਕਿਹਾ। ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਨਰੇਗਾ ਸਮੇਤ ਦਫ਼ਤਰ ਨਾਲ ਸਬੰਧਤ ਬਕਾਇਆ ਕੰਮਾਂ ਨੂੰ ਜਲਦੀ ਨਿਬੇੜਨ ਦੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਦਫ਼ਤਰ ਦੇ ਰਿਕਾਰਡ ਨੂੰ ਵੀ ਘੋਖਿਆ। ਡੀਸੀ ਨੇ ਐੱਸਡੀਐੱਮ ਦਫ਼ਤਰ, ਤਹਿਸੀਲ ਦਫ਼ਤਰ, ਸਬ ਰਜਿਸਟਰਾਰ ਅਤੇ ਬੀ. ਡੀ.ਪੀ. ਓ ਦਫ਼ਤਰ ਦੇ ਦਫ਼ਤਰੀ ਕੰਮਾਂ ਦੀ ਪੜਤਾਲ ਕੀਤੀ। ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮੇਂ ਸਿਰ ਦਫ਼ਤਰ ਪਹੁੰਚਣ ਅਤੇ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਨ ਦੀ ਹਦਾਇਤ ਕੀਤੀ।