ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 22 ਅਗਸਤ
ਇਥੋਂ ਦੇ ਨਗਰ ਨਿਗਮ ਨੇ ਸ਼ਹਿਰ ਵਿਚਲੇ ਪਿੰਡਾਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਦਿੰਦਿਆਂ ਲਾਲ ਡੋਰੇ ਦੇ ਅੰਦਰ ਪਾਣੀ ਦੇ ਕੁਨੈਕਸ਼ਨ ਜਾਰੀ ਕਰਨ ਲਈ ਲੋੜੀਂਦੀ ‘ਇਤਰਾਜ਼ ਨਹੀਂ’ (ਐਨਓਸੀ) ਦੀ ਸ਼ਰਤ ਹਟਾ ਦਿੱਤੀ ਹੈ। ਹੁਣ ਇਲਾਕੇ ਦੇ ਪਟਵਾਰੀ ਅਤੇ ਤਹਿਸੀਲਦਾਰ ਵਲੋਂ ਤਸਦੀਕ ਕੀਤੀ ਗਈ ਰਿਪੋਰਟ ਦੇ ਆਧਾਰ ’ਤੇ ਕੁਨੈਕਸ਼ਨ ਮਿਲਣਗੇ। ਜੇ ਪਿੰਡ ਵਾਸੀ ਨੇ ਐਨਓਸੀ ਲੈ ਲਈ ਹੈ ਤਾਂ ਉਸ ਨੂੰ ਕੁਨੈਕਸ਼ਨ ਵੀ ਮਿਲ ਸਕੇਗਾ। ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਧਿਕਾਰਤ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵਲੋਂ ਬਿਨਾਂ ਐਨਓਸੀ ਤੋਂ ਦਾਖਲ ਕੀਤੀਆਂ ਗਈਆਂ ਅਰਜ਼ੀਆਂ ਨੂੰ ਵਿਚਾਰਿਆ ਨਹੀਂ ਜਾ ਰਿਹਾ ਸੀ ਅਤੇ ਰੱਦ ਕੀਤਾ ਜਾ ਰਿਹਾ ਸੀ। ਹੁਣ ਇਹ ਸਮੱਸਿਆ ਹੱਲ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਕਾਨੂੰਨ ਅਨੁਸਾਰ ਪਿੰਡ ਦੇ ਲਾਲ ਡੋਰੇ ਅੰਦਰ ਪਾਣੀ ਦਾ ਕੁਨੈਕਸ਼ਨ ਲੈਣ ਲਈ ਲੋੜੀਂਦੇ ਦਸਤਾਵੇਜ਼ਾਂ ਦਾਖਲ ਕਰਵਾਉਣੇ ਹੋਣਗੇ। ਇਸ ਨਾਲ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ।
ਕਮਿਸ਼ਨਰ ਨੇ ਦੱਸਿਆ ਕਿ ਜਲ ਸਪਲਾਈ ਕਾਨੂੰਨ ਦੀ ਧਾਰਾ 5 (8) ਨੂੰ ਧਿਆਨ ਵਿੱਚ ਰੱਖਦਿਆਂ ਪਟਵਾਰੀ ਅਤੇ ਤਹਿਸੀਲਦਾਰ ਦੁਆਰਾ ਤਸਦੀਕ ਰਿਪੋਰਟ ਨੂੰ ਭਵਿੱਖ ਵਿੱਚ ਪਾਣੀ ਦੇ ਰੈਗੂਲਰ ਕੁਨੈਕਸ਼ਨ ਜਾਰੀ ਕਰਨ ਸਮੇਂ ਐਨਓਸੀ ਜਮ੍ਹਾ ਨਾ ਕਰਵਾਉਣ ਬਾਰੇ ਵਿਚਾਰਿਆ ਜਾਵੇਗਾ।