ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਮਈ
ਕਰੋਨਾ ਮਹਾਮਾਰੀ ਕਾਰਨ ਵਿਦਿਆਰਥੀ ਵਿਚ ਤਣਾਅ ਤੇ ਹੋਰ ਬਿਮਾਰੀਆਂ ਵਧੀਆਂ ਹਨ। ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਕੇਂਦਰੀ ਸਿੱਖਿਆ ਮੰਤਰਾਲੇ ਨੇ ਸੂਬਿਆਂ ਤੇ ਯੂਟੀਜ਼ ਦੇ ਸਿੱਖਿਆ ਸਕੱਤਰਾਂ ਨੂੰ ਪੱਤਰ ਜਾਰੀ ਕਰ ਕੇ ਨਿਰਦੇਸ਼ ਦਿੱਤੇ ਹਨ ਕਿ ਵਿਦਿਆਰਥੀਆਂ ਦੀਆਂ ਪੜ੍ਹਾਈ ਸਬੰਧੀ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣ। ਇਸ ਤੋਂ ਇਲਾਵਾ ਦੂਜੀ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਹੋਮਵਰਕ ਨਾ ਦਿੱਤਾ ਜਾਵੇ ਤੇ ਤੀਜੀ ਤੋਂ ਪੰਜਵੀਂ ਜਮਾਤ ਤਕ ਹਫਤੇ ਵਿੱਚ ਵੱਧ ਤੋਂ ਵੱਧ ਪੰਜ ਜਾਂ ਛੇ ਘੰਟਿਆਂ ਦਾ ਹੀ ਹੋਮਵਰਕ ਦਿੱਤਾ ਜਾਵੇ। ਯੂਟੀ ਦੇ ਸਿੱਖਿਆ ਅਧਿਕਾਰੀ ਨੇ 14 ਮਈ ਨੂੰ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਇਨ੍ਹਾਂ ਹਦਾਇਤਾਂ ਦਾ ਪਾਲਣ ਕਰਨ ਲਈ ਕਿਹਾ ਹੈ। ਸਕੂਲਾਂ ਨੂੰ ਕੇਂਦਰ ਦੇ ਦਿਸ਼ਾ ਨਿਰਦੇਸ਼ ’ਤੇ ਸਕੂਲ ਬੈਗ ਪਾਲਸੀ ਨੂੰ ਵੀ ਲਾਗੂ ਕਰਨ ਲਈ ਕਿਹਾ ਗਿਆ ਹੈ।
ਕੇਂਦਰ ਨੇ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਇਸ ਵੇਲੇ ਸੂਬਿਆਂ ਦੇ ਸਕੂਲਾਂ ਵਿਚੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਉਹ ਵਿਦਿਆਰਥੀਆਂ ਨੂੰ ਲੋੜ ਤੋਂ ਵੱਧ ਹੋਮਵਰਕ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦੂਜੀ ਜਮਾਤ ਤਕ ਕਿਸੇ ਵੀ ਵਿਦਿਆਰਥੀ ਨੂੰ ਹੋਮਵਰਕ ਨਾ ਦਿੱਤਾ ਜਾਵੇ। ਤੀਜੀ ਤੋਂ ਪੰਜਵੀਂ ਜਮਾਤ ਲਈ ਹਫਤੇ ਵਿਚ ਦੋ ਘੰਟੇ, ਛੇਵੀਂ ਤੋਂ ਅੱਠਵੀਂ ਜਮਾਤ ਲਈ ਰੋਜ਼ਾਨਾ ਇਕ-ਇਕ ਘੰਟਾ, ਸੈਕੰਡਰੀ ਤੇ ਸੀਨੀਅਰ ਸੈਕੰਡਰੀ ਜਮਾਤਾਂ ਲਈ ਰੋਜ਼ਾਨਾ ਦੋ-ਦੋ ਘੰਟੇ ਤੋਂ ਵੱਧ ਹੋਮਵਰਕ ਨਾ ਦਿੱਤਾ ਜਾਵੇ। ਕੇਂਦਰੀ ਮੰਤਰਾਲੇ ਨੇ ਇਕ ਜਮਾਤ ਨੂੰ ਪੜ੍ਹਾਉਣ ਦੇ ਵਿਸਥਾਰ ਵਿਚ ਢੰਗ ਵੀ ਦੱਸੇ ਹਨ ਜਿਸ ਲਈ ਸਕੂਲ ਬੈਗ ਪਾਲਸੀ ਵੀ ਹਰ ਪੱਤਰ ਨਾਲ ਨੱਥੀ ਕੀਤੀ ਗਈ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਚੰਡੀਗੜ੍ਹ ਚੈਪਟਰ ਦੇ ਸਾਬਕਾ ਪ੍ਰਧਾਨ ਡਾ. ਸੁਨੀਲ ਧਵਨ ਨੇ ਦੱਸਿਆ ਕਿ ਬਸਤੇ ਦਾ ਭਾਰ ਘੱਟ ਕਰਨ ਤੇ ਵਿਦਿਆਰਥੀਆਂ ਵਿਚਲੇ ਤਣਾਅ ਨੂੰ ਦੂਰ ਕਰਨ ਦੀ ਸਭ ਤੋਂ ਪਹਿਲਾਂ ਲੋੜ ਹੈ।
ਸੀਮਤ ਸਮੇਂ ਲਈ ਕੰਪਿਊਟਰ ਵਰਤਣ ਦਾ ਸੁਝਾਅ
ਕੇਂਦਰੀ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਕਰੋਨਾ ਕਾਰਨ ਜ਼ਿਆਦਾਤਰ ਵਿਦਿਆਰਥੀ ਕੰਪਿਊਟਰਾਂ ਤੇ ਲੈਪਟਾਪ ਦੇ ਆਦੀ ਹੋ ਗਏ ਹਨ। ਉਹ ਸਕੂਲ ਤੋਂ ਘਰ ਜਾਣ ਤੋਂ ਬਾਅਦ ਵੀ ਕੰਪਿਊਟਰ ਦਾ ਖਹਿੜਾ ਨਹੀਂ ਛੱਡ ਰਹੇ। ਇਸ ਕਰ ਕੇ ਸਕੂਲ ਦੇ ਅਧਿਆਪਕ ਇਸ ਸਬੰਧ ਵਿੱਚ ਮਾਪਿਆਂ ਨਾਲ ਰਾਬਤਾ ਬਣਾਉਣ ਤੇ ਵਿਦਿਆਰਥੀਆਂ ਦੀ ਕੌਂਸਲਿੰਗ ਕਰਨ ਕਿ ਉਹ ਘਰ ਜਾਣ ਤੋਂ ਬਾਅਦ ਸੀਮਤ ਸਮੇਂ ਵਿਚ ਕੰਪਿਊਟਰ ਦੀ ਵਰਤੋਂ ਕਰਨ। ਜ਼ਿਲ੍ਹਾ ਸਿੱਖਿਆ ਅਫਸਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਸਕੂਲ ਮੁਖੀਆਂ ਨੂੰ ਕੇਂਦਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ।