ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਜੂਨ
ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਹੁਕਮ ਜਾਰੀ ਕਰਕੇ ਸਰਕਾਰੀ ਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਸਕੂਲ ਸੱਦਣ ਦੇ ਅਖਤਿਆਰ ਸਕੂਲ ਮੁਖੀਆਂ ਨੂੰ ਦੇ ਦਿੱਤੇ ਹਨ। ਵਿਭਾਗ ਨੇ ਇਹ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਸਕੂਲ ਵਿਚ ਲੋੜ ਪੈਣ ’ਤੇ ਕੁੱਲ ਗਿਣਤੀ ਦਾ 25 ਫੀਸਦੀ ਤਕ ਹੀ ਸਟਾਫ ਸੱਦਿਆ ਜਾਵੇ। ਵਿਭਾਗ ਨੇ ਇਹ ਹੁਕਮ ਸਕੂਲ ਦੇ ਪ੍ਰਸ਼ਾਸਕੀ ਕੰਮ ਤੇ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਜਾਰੀ ਕੀਤੇ ਹਨ। ਇਹ ਹੁਕਮ 15 ਜੂਨ ਤੋਂ ਅਮਲ ਵਿਚ ਆਉਣਗੇ।
ਜ਼ਿਲ੍ਹਾ ਸਿੱਖਿਆ ਅਫਸਰ ਅਲਕਾ ਮਹਿਤਾ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਰੋੋਨਾ ਕਾਰਨ ਸਕੂਲਾਂ ਵਿਚ ਨਵੇਂ ਵਿਦਿਆਰਥੀਆਂ ਦੇ ਦਾਖਲੇ ਪ੍ਰਭਾਵਿਤ ਹੋ ਰਹੇ ਹਨ, ਇਸ ਤੋਂ ਇਲਾਵਾ ਪੀਸਾ ਦੀਆਂ ਤਿਆਰੀਆਂ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣ ਲਈ ਜ਼ਿਆਦਾਤਰ ਸਮੱਗਰੀ ਸਕੂਲਾਂ ਵਿਚ ਮੌਜੂਦ ਹੈ ਜਿਸ ਕਰ ਕੇ ਸਕੂਲ ਮੁਖੀ ਤੇ ਇੰਚਾਰਜ ਆਪਣੇ ਅਧਿਆਪਕਾਂ ਨੂੰ ਲੋੜ ਪੈਣ ’ਤੇ ਸਕੂਲ ਬੁਲਾ ਸਕਦੇ ਹਨ ਪਰ ਇਕ ਸਮੇਂ ’ਤੇ 25 ਫੀਸਦੀ ਤੋਂ ਵੱਧ ਅਧਿਆਪਕ ਨਾ ਸੱਦੇ ਜਾਣ। ਉਨ੍ਹਾਂ ਹਦਾਇਤਾਂ ਦਿੱਤੀਆਂ ਕਿ ਸਕੂਲ ਦੇ ਅਧਿਆਪਕਾਂ ਨੂੰ ਸ਼ਿਫਟਾਂ ਵਿਚ ਸਕੂਲ ਸੱਦਿਆ ਜਾਵੇ, ਹਰ ਸ਼ਿਫਟ ਹਫਤੇ ਹਫਤੇ ਬਾਅਦ ਸਕੂਲ ਬੁਲਾਈ ਜਾਵੇ। ਉਨ੍ਹਾਂ ਕਿਹਾ ਕਿ ਕੰਟੇਨਮੈਂਟ ਜ਼ੋਨ ਵਿਚ ਆਉਂਦੇ ਅਧਿਆਪਕ, ਵੱਡੀ ਉਮਰ ਦੇ, ਸਿਹਤ ਸਮੱਸਿਆਵਾਂ ਵਾਲੇ ਤੇ ਗਰਭਵਤੀ ਅਧਿਆਪਕਾਂ ਨੂੰ ਸਕੂਲ ਨਾ ਬੁਲਾਇਆ ਜਾਵੇ।
ਏਰੀਆ ਕੌਂਸਲਰਾਂ ਤੇ ਹੋਰਾਂ ਤੋਂ 22 ਤਕ ਰਿਪੋਰਟ ਮੰਗੀ
ਡੀਈਓ ਨੇ ਸਕੂਲ ਮੁਖੀਆਂ ਨੂੰ ਸੀਨੀਅਰ ਅਧਿਆਪਕਾਂ ਦੀ ਕਮੇਟੀ ਬਣਾਉਣ ਲਈ ਕਿਹਾ ਹੈ ਜਿਸ ਵਿਚ ਏਰੀਆ ਕੌਂਸਲਰ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਤੇ ਹੋਰਾਂ ਨੂੰ ਸ਼ਾਮਲ ਕਰਨ ਲਈ ਕਿਹਾ ਗਿਆ ਹੈ ਜੋ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਲਈ ਆਪਣੇ ਸੁਝਾਅ ਦੇਣਗੇ। ਉਨ੍ਹਾਂ ਕਿਹਾ ਕਿ ਸਕੂਲ ਖੋਲ੍ਹਣ ਸਬੰਧੀ ਸੁਝਾਅ ਕੇਂਦਰੀ ਗ੍ਰਹਿ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਹੀ ਦਿੱਤੇ ਜਾਣ। ਇਨ੍ਹਾਂ ਸੁਝਾਵਾਂ ਦੀ ਰਿਪੋਰਟ 22 ਜੂਨ ਤਕ ਜ਼ਿਲ੍ਹਾ ਸਿੱਖਿਆ ਦਫਤਰ ਭੇਜੀ ਜਾਵੇ।
ਡਾਟਾ ਐਂਟਰੀ ਅਪਰੇਟਰ ਦੋ ਮਹੀਨੇ ਦੀ ਤਨਖਾਹ ਤੋਂ ਵਾਂਝੇ
ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਵੱਡੀ ਗਿਣਤੀ ਡਾਟਾ ਐਂਟਰੀ ਅਪਰੇਟਰਾਂ ਨੂੰ ਅਪਰੈਲ ਤੇ ਮਈ ਮਹੀਨੇ ਦੀ ਤਨਖਾਹ ਹੀ ਨਹੀਂ ਮਿਲੀ ਜਦਕਿ ਇਨ੍ਹਾਂ ਵਿਚੋਂ ਕਈ ਬਾਪੂ ਧਾਮ ਕਲੋਨੀ ਵਿਚ ਵੀ ਡਿਊਟੀਆਂ ਕਰ ਰਹੇ ਹਨ। ਡਾਇਰੈਕਟ ਸਕੂਲ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਡਾਟਾ ਐਂਟਰੀ ਅਪਰੇਟਰਾਂ ਨੂੰ ਜਲਦੀ ਤਨਖਾਹਾਂ ਜਾਰੀ ਕਰਨ ਦਾ ਭਰੋਸਾ ਦਿੱਤਾ।