ਪੱਤਰ ਪ੍ਰੇਰਕ
ਲਾਲੜੂ, 23 ਜੁਲਾਈ
ਗੋਲਡਨ ਫਾਰੈਸਟ ਇੰਡੀਆ ਲਿਮਟਡ ਕੰਪਨੀ ਦੀ ਲਾਲੜੂ ਤੇ ਡੇਰਾਬਸੀ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਫੈੇਲੀ ਹਜ਼ਾਰਾਂ ਏਕੜ ਜ਼ਮੀਨ ਦੇ ਮਾਮਲੇ ਵਿੱਚ ਇਕ ਵਾਰ ਫਿਰ ਸ਼ਿਕਾਇਤਾਂ ਮਿਲਣ ’ਤੇ ਕਾਰਵਾਈ ਕਰਦਿਆਂ ਐੱਸਡੀਐੱਮ ਡੇਰਾਬਸੀ ਨੇ ਡੇਰਾਬਸੀ ਤੇ ਜ਼ੀਰਕਪੁਰ ਦੇ ਤਹਿਸੀਲਦਾਰਾਂ ਨੂੰ ਕੰਪਨੀ ਦੀ ਜ਼ਮੀਨ ’ਤੇ ਕਬਜ਼ੇ ਰੁਕਵਾਉਣ ਦੇ ਨਿਰਦੇਸ਼ ਦਿੱਤੇ ਹਨ। ਐੱਸਡੀਐੱਮ ਨੇ ਇਨ੍ਹਾਂ ਅਧਿਕਾਰੀਆਂ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਗੋਲਡਨ ਫਾਰੈਸਟ ਕੰਪਨੀ ਦੀ ਜ਼ਮੀਨ, ਜੋ ਡੇਰਾਬਸੀ ਤਹਿਸੀਲ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਮੌਜੂਦ ਹੈ, ਉਸ ’ਤੇ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਤੇ ਵਾਹੀ ਕੀਤੀ ਜਾ ਰਹੀ ਹੈ। ਇਸ ਲਈ ਸਬੰਧਤ ਪਿੰਡਾਂ ਵਿੱਚ ਮੁਨਿਆਦੀ ਕਰਵਾਈ ਜਾਵੇ ਅਤੇ ਜੇਕਰ ਕਿਸੇ ਵਲੋਂ ਵੀ ਗੋਲਡਨ ਫਾਰੈਸਟ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਗਿਆ ਜਾਂ ਵਾਹੀ ਕੀਤੀ ਗਈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਦੀ ਜ਼ਿੰਮੇਵਾਰੀ ਕਬਜ਼ਾ ਕਰਨ ਵਾਲੇ ਵਿਅਕਤੀ ਦੀ ਹੋਵੇਗੀ। ਇਸ ਤੋਂ ਪਹਿਲਾਂ ਵੀ ਐੱਸਡੀਐੱਮ ਨੇ ਬੀਤੀ 27 ਜੂਨ ਨੁੂੰ ਪੱਤਰ ਜਾਰੀ ਕਰਕੇ ਗੋਲਡਨ ਫਾਰੈਸਟ ਕੰਪਨੀ ਦੀ ਜ਼ਮੀਨ ਵਿੱਚ ਕਬਜ਼ਾ ਤੇ ਵਾਹੀ ਨਾ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਸਨ, ਪਰ ਉਸ ਤੋਂ ਬਾਅਦ ਵੀ ਕੰਪਨੀ ਦੀ ਜ਼ਮੀਨ ਤੇ ਕਬਜ਼ਾ ਤੇ ਵਾਹੀ ਕੀਤੇ ਜਾਣ ਦੀਆਂ ਸਿਕਾਇਤਾਂ ਮਿਲ ਰਹੀਆਂ ਸਨ, ਜੋ ਮਾਮਲਾ ਡਿਪਟੀ ਕਮਿਸ਼ਨਰ ਮੁਹਾਲੀ ਦੇ ਧਿਆਨ ਵਿੱਚ ਵੀ ਉਚੇਚੇ ਤੌਰ ’ਤੇ ਇਲਾਕਾ ਵਾਸੀਆਂ ਵਲੋਂ ਲਿਆਂਦਾ ਗਿਆ ਹੈ।