ਹਰਜੀਤ ਸਿੰਘ
ਜ਼ੀਰਕਪੁਰ, 29 ਅਪਰੈਲ
ਸ਼ਹਿਰ ਵਿੱਚ ਜਾਮ ਦੀ ਸਮੱਸਿਆ ਦੇ ਹੱਲ ਲਈ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਅੱਜ ਅਧਿਕਾਰੀਆਂ ਨਾਲ ਮੌਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਡੇਰਾਬੱਸੀ ਸਵਾਤੀ ਟਿਵਾਣਾ, ਕੌਂਸਲ ਦੇ ਕਾਰਜਸਾਧਕ ਅਫਸਰ ਗਿਰੀਸ਼ ਵਰਮਾ, ਡੀਐੱਸਪੀ ਐੱਨ.ਐੱਸ. ਮਾਹਲ ਸਣੇ ਹਾਈਵੇਅ ਅਥਾਰਿਟੀ ਆਫ਼ ਇੰਡੀਆ ਅਤੇ ਟਰੈਫਿਕ ਪੁਲੀਸ ਦੇ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਚੰਡੀਗੜ੍ਹ-ਅੰਬਾਲਾ ਸੜਕ ’ਤੇ ਸਿੰਘਪੁਰਾ ਚੌਕ ’ਤੇ ਲੱਗਣ ਵਾਲੇ ਜਾਮ ਦੇ ਹੱਲ ਲਈ ਰਣਨੀਤੀ ਉਲੀਕੀ ਗਈ ਅਤੇ ਸਿੰਘਪੁਰਾ ਅਤੇ ਨਗਲਾ ਸੜਕ ਨੂੰ ਚੌੜੀ ਕਰਨ ਲਈ ਇਥੇ ਨਾਜਾਇਜ਼ ਕਬਜ਼ੇ ਹਟਾਉਣ ਲਈ ਕੌਂਸਲ ਦੇ ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਨੂੰ ਨਿਰਦੇਸ਼ ਦਿੱਤੇ ਗਏ। ਪਾਵਰਕੌਮ ਦੇ ਅਧਿਕਾਰੀਆਂ ਨੂੰ ਇਨ੍ਹਾਂ ਦੋਵਾਂ ਸੜਕਾਂ ਦੇ ਵਿਚਾਲੇ ਲੱਗੇ ਬਿਜਲੀ ਦੇ ਖੰਭੇ ਹਟਾਉਣ ਲਈ ਕਿਹਾ ਗਿਆ। ਟਰੈਫਿਕ ਪੁਲੀਸ ਨੂੰ ਚੰਡੀਗੜ੍ਹ-ਅੰਬਾਲਾ ਸੜਕ ’ਤੇ ਸਰਵਿਸ ਲੇਨ ’ਤੇ ਕੋਈ ਵੀ ਵਾਹਨ ਨਾ ਖੜ੍ਹੇ ਹੋਣ ਦੀ ਹਦਾਇਤ ਦਿੱਤੀ ਗਈ। ਸਿੰਘਪੁਰਾ ਚੌਕ ’ਤੇ ਸੜਕ ਵਿਚਕਾਰ ਕੱਟ ਨੂੰ ਹੋਰ ਚੌੜਾ ਕਰਨ ਲਈ ਕਿਹਾ ਗਿਆ ਤਾਂ ਜੋ ਲੋਕਾਂ ਨੂੰ ਯੂ-ਟਰਨ ਲੈਣ ਲਈ ਜ਼ਿਆਦਾ ਥਾਂ ਮਿਲ ਸਕੇ। ਇਸ ਥਾਂ ’ਤੇ ਸੜਕ ਵਿਚਕਾਰ ਡਿਵਾਈਡਰ ਨੂੰ ਘੱਟ ਚੌੜਾ ਕਰਨ ਲਈ ਕਿਹਾ ਗਿਆ ਤਾਂ ਜੋ ਵਾਹਨਾਂ ਲਈ ਵਾਧੂ ਥਾਂ ਮਿਲ ਸਕੇ।
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਜ਼ੀਰਕਪੁਰ ਵਿੱਚ ਜਾਮ ਦੀ ਸਮੱਸਿਆ ਵਧਦੀ ਜਾ ਰਹੀ ਹੈ ਜਿਸਦੇ ਹੱਲ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਅਧਿਕਾਰੀਆਂ ਨਾਲ ਮੀਟਿੰਗ ਕਰਨ ਮਗਰੋਂ ਕੁਝ ਫੈਸਲੇ ਮੌਕੇ ’ਤੇ ਹੀ ਲਏ ਗਏ ਹਨ ਜਿਸ ਨਾਲ ਜਾਮ ਤੋਂ ਰਾਹਤ ਮਿਲਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਸੜਕਾਂ ’ਤੇ ਕੁਝ ਬਿਲਡਰਾਂ ਅਤੇ ਰਸੂਖਦਾਰ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ ਜਿਨ੍ਹਾਂ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।