ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 22 ਅਪਰੈਲ
ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਇੱਥੇ ਚੰਡੀਗੜ੍ਹ ਲਈ ਇੰਟੀਗ੍ਰੇਟਿਡ ਰੋਡ ਐਕਸੀਡੈਂਟ ਡੇਟਾਬੇਸ (ਆਈਆਰਏਡੀ) ਪ੍ਰਾਜੈਕਟ ਲਾਂਚ ਕੀਤਾ। ਉਨ੍ਹਾਂ ਇਸ ਮੌਕੇ ਫੀਲਡ ਅਫ਼ਸਰਾਂ ਲਈ ਯੂਜ਼ਰ ਮੈਨੂਅਲ ਦਾ ਵੀ ਉਦਘਾਟਨ ਕੀਤਾ। ਇੰਟੀਗ੍ਰੇਟਿਡ ਰੋਡ ਐਕਸੀਡੈਂਟ ਡੇਟਾਬੇਸ (ਆਈਆਰਏਡੀ) ਪ੍ਰਾਜੈਕਟ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਦੇਸ਼ ਵਿੱਚ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਇੱਕ ਪਹਿਲਕਦਮੀ ਹੈ। ਇਸ ਪ੍ਰਾਜੈਕਟ ਦਾ ਮੁੱਖ ਮਕਸਦ ਵੱਖ-ਵੱਖ ਵਿਭਾਗਾਂ ਵੱਲੋਂ ਦੁਰਘਟਨਾ ਨਾਲ ਸਬੰਧਿਤ ਸਾਰੇ ਡੇਟਾ ਦੀ ਮੇਜ਼ਬਾਨੀ ਅਤੇ ਐਕਸੈਸ ਕਰਨ ਲਈ ਇੱਕ ਕੇਂਦਰੀ ਦੁਰਘਟਨਾ ਡੇਟਾਬੇਸ ਬਣਾਉਣਾ ਹੈ। ਇਸ ਪ੍ਰਾਜੈਕਟ ਤਹਿਤ ਪੁਲੀਸ, ਟਰਾਂਸਪੋਰਟ, ਇੰਜਨੀਅਰਿੰਗ, ਹਾਈਵੇਅ ਅਤੇ ਸਿਹਤ ਵਿਭਾਗ ਕੰਮ ਕਰਨਗੇ।
ਨੈਸ਼ਨਲ ਇਨਫਰਮੇਟਿਕ ਸੈਂਟਰ (ਐਨਆਈਸੀ) ਨੇ ਆਈਆਈਟੀ, ਮਦਰਾਸ ਦੇ ਤਾਲਮੇਲ ਨਾਲ ਪੁਲੀਸ, ਟਰਾਂਸਪੋਰਟ, ਇੰਜਨੀਅਰਿੰਗ, ਹਾਈਵੇਅ ਅਤੇ ਸਿਹਤ ਵਿਭਾਗ ਵਰਗੇ ਵੱਖ-ਵੱਖ ਵਿਭਾਗਾਂ ਦੇ ਖੇਤਰੀ ਅਧਿਕਾਰੀਆਂ ਨੂੰ ਓਰੀਐਂਟੇਸ਼ਨ-ਕਮ-ਹੈਂਡਸ ਸਿਖਲਾਈ ਪ੍ਰਦਾਨ ਕੀਤੀ ਹੈ। ਹਾਦਸੇ ਵਾਲੀ ਥਾਂ ਦਾ ਦੌਰਾ ਕਰਨ ਵਾਲਾ ਕੋਈ ਵੀ ਜਾਂਚ ਅਧਿਕਾਰੀ ਇਸ ਐਪ ਵਿੱਚ ਦੁਰਘਟਨਾ ਨਾਲ ਸਬੰਧਿਤ ਸਾਰੇ ਵੇਰਵੇ ਜਿਵੇਂ ਕਿ ਹਾਦਸੇ ਦਾ ਦਿਨ ਅਤੇ ਸਮਾਂ, ਟੱਕਰ ਦੀ ਕਿਸਮ, ਕੀ ਹਾਦਸਾ ਘਾਤਕ ਜਾਂ ਗ਼ੈਰ ਘਾਤਕ ਹੈ, ਮੌਸਮ ਦੀ ਸਥਿਤੀ ਆਦਿ ਦਰਜ ਕਰੇਗਾ। ਸਾਰੇ ਸਬੰਧਿਤ ਵਿਭਾਗ ਹਾਦਸਿਆਂ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਅਤੇ ਬਲੈਕ ਸਪਾਟ ਦੀ ਪਛਾਣ ਅਤੇ ਸੁਧਾਰ, ਇੰਜਨੀਅਰਿੰਗ ਦਖ਼ਲ ਆਦਿ ਵਰਗੀਆਂ ਰਣਨੀਤੀਆਂ ਤਿਆਰ ਕਰਨ ਵਿੱਚ ਲਾਹੇਵੰਦ ਰਹੇਗਾ।
ਇਸ ਮੌਕੇ ਅੱਜ ਕੀਤੇ ਪ੍ਰੋਗਰਾਮ ਦੌਰਾਨ ਸਕੱਤਰ ਟਰਾਂਸਪੋਰਟ ਨਿਤਿਨ ਯਾਦਵ, ਡਾਇਰੈਕਟਰ ਜਨਰਲ ਆਫ ਪੁਲੀਸ ਪ੍ਰਵੀਰ ਰੰਜਨ ਸਣੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।