ਜ਼ੀਰਕਪੁਰ: ਛੱਤਬੀੜ ਚਿੜੀਆਘਰ ਵਿੱਚ ਅੰਤਰਰਾਸ਼ਟਰੀ ਟਾਈਗਰ ਦਿਵਸ ਮੌਕੇ ਭਾਰਤ ਦੇ ਰਾਸ਼ਟਰੀ ਜਾਨਵਰ ਦੇ ਸੰਦਰਭ ਵਿੱਚ ਬਾਘ ਦਿਹਾੜਾ ਮਨਾਇਆ ਗਿਆ। ਇਹ ਸਮਾਗਮ ਬਾਘ ਦੇ ਬਾੜੇ ਦੇ ਨੇੜੇ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚਿੜੀਆਘਰ ਦੀ ਫੀਲਡ ਡਾਇਰੈਕਟਰ ਕੇ ਕਲਪਨਾ ਨੇ ਦੱਸਿਆ ਕਿ ਇਸ ਵਿਸ਼ੇਸ਼ ਦਿਨ ‘ਤੇ ਪੇਂਡੂ ਸਕੂਲਾਂ ਲਈ ਵਿਸ਼ੇਸ਼ ਇੰਟਰਐਕਟਿਵ ਸੈਸ਼ਨ, ਪੇਂਟਿੰਗ ਮੁਕਾਬਲੇ, ਜਾਗਰੂਕਤਾ ਫਿਲਮ ਸ਼ੋਅ ਅਤੇ ਜੂ ਕੀਪਰ ਟਾਕ ਵਰਗੇ ਵੱਖ-ਵੱਖ ਪ੍ਰੋਗਰਾਮਾਂ ਨਾਲ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਵਿਸ਼ੇਸ਼ ਸੈਸ਼ਨ ਅਤੇ ਪੇਂਟਿੰਗ ਮੁਕਾਬਲੇ ਵਿੱਚ ਨੇੜੇ-ਤੇੜੇ ਦੇ ਪਿੰਡਾਂ ਦੇ ਵੱਖ-ਵੱਖ ਸਕੂਲਾਂ ਦੇ 40 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਚਿੜੀਆਘਰ ਦੇ ਸਿੱਖਿਆ ਅਫਸਰ ਹਰਪਾਲ ਸਿੰਘ, ਸੀਨੀਅਰ ਵੈਟਰਨਰੀ ਅਫਸਰ, ਚਿੜੀਆਘਰ ਦੇ ਜੀਵ ਵਿਗਿਆਨੀ ਅਤੇ ਛੱਤਬੀੜ ਚਿੜੀਆਘਰ ਦੇ ਜੂ ਕੀਪਰ ਸੋਨੂੰ ਸਿੰਘ ਨੇ ਜਾਗਰੂਕਤਾ ਸੈਸ਼ਨ ਕਰਵਾਉਣ ਵਿੱਚ ਅਹਿਮ ਯੋਗਦਾਨ ਪਾਇਆ। -ਨਿੱਜੀ ਪੱਤਰ ਪ੍ਰੇਰਕ