ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 23 ਸਤੰਬਰ
ਜ਼ਿਲ੍ਹਾ ਪੁਲੀਸ ਨੇ ਹੁੰਡਈ ਕੰਪਨੀ ਦੀਆਂ ਕਾਰਾਂ ਚੋਰੀ ਨਾਲ ਜੁੜੇ ਇੱਕ ਵੱਡੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦਾ ਖੁਲਾਸਾ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਗਾਜੀਪੁਰ ਸੜਕ ਨੇੜਿਓਂ ਦੋ ਮੁਲਜ਼ਮਾਂ ਅਕੀਲ ਅਹਿਮਦ ਵਾਸੀ ਬਾਵਨੀ ਖੇੜਾ (ਹਰਿਆਣਾ) ਅਤੇ ਸ਼ੇਖ ਰਫੀਕ ਵਾਸੀ ਮਹਾਰਾਸ਼ਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਵਾਹਨ ਚੋਰੀ ਦੀਆਂ 11 ਵਾਰਦਾਤਾਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਕੋਲੋਂ 6 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ ਜੋ ਮੁਹਾਲੀ ਜ਼ਿਲ੍ਹੇ ’ਚੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀਆਂ ਗਈਆਂ ਸਨ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਰੋਹ ਸਿਰਫ਼ ਹੁੰਡਈ ਕਾਰਾਂ ਜਿਵੇਂ ਕਿ ਕਰੇਟਾ, ਵਰਨਾ ਅਤੇ ਆਈ-20 ਕਾਰਾਂ ਹੀ ਚੋਰੀ ਕਰਦੇ ਸਨ। ਇਸ ਗਰੋਹ ਨੇ ਹੁਣ ਤੱਕ 11 ਹੁੰਡਈ ਕਾਰਾਂ ਚੋਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਪੰਜਾਬ ਦੀਆਂ 8, ਹਰਿਆਣਾ ਦੀਆਂ 2 ਅਤੇ ਦਿੱਲੀ ਤੋਂ 1 ਕਾਰ ਸ਼ਾਮਲ ਹੈ। ਉਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 11 ਕੇਸ ਦਰਜ ਹਨ।
ਮੁਲਜ਼ਮ ਸ਼ੇਖ ਰਫੀਕ ਪਿਛਲੇ 10 ਸਾਲਾਂ ਤੋਂ ਕਾਰ-ਵਿਕਰੀ ਖ਼ਰੀਦ ਦਾ ਕਾਰੋਬਾਰ ਕਰ ਰਿਹਾ ਹੈ। ਸ਼ੇਖ ਰਫੀਕ ਅਤੇ ਇਕ ਫਰਾਰ ਮੁਲਜ਼ਮ ਸੋਨੂ ਅਕੀਲ ਅਤੇ ਉਸ ਦੇ ਗਰੋਹ ਦੇ ਮੈਂਬਰਾਂ ਤੋਂ ਚੋਰੀ ਦੇ ਵਾਹਨ ਖਰੀਦਦੇ ਸਨ। ਜਿਨ੍ਹਾਂ ਨੂੰ ਅੱਗੇ ਵੱਖ-ਵੱਖ ਖਰੀਦਦਾਰਾਂ ਨੂੰ ਵੇਚਦੇ ਸਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਈ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਚੋਰੀ ਦੇ ਵਾਹਨ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੁੰਦਈ ਗੱਡੀਆਂ ਦੇ ਤਾਲੇ ਖੋਲ੍ਹਣ ਦਾ ਮਾਹਿਰ ਹੈ ਅਕੀਲ ਅਹਿਮਦ
ਮੁਲਜ਼ਮ ਅਕੀਲ ਅਹਿਮਦ ਇਸ ਗਰੋਹ ਦਾ ਕਿੰਗਪਿਨ ਹੈ। ਉਹ ਏਐਫ਼ਐਸਈ ਕਾਲਜ ਫਰੀਦਾਬਾਦ ਤੋਂ ਐਮਟੈੱਕ (ਕੰਪਿਊਟਰ ਸਾਇੰਸ) ਪਾਸ ਹੈ। ਉਹ ਗੁਰੂਗ੍ਰਾਮ ਵਿੱਚ 2004-2012 ਤੱਕ ਮੋਬਾਈਲ ਟਾਵਰ ਰਿਲਾਇੰਸ ਦੀ ਕੰਪਨੀ ਵਿੱਚ ਤਕਨੀਕੀ ਇਕਾਈ ਦੇ ਮੁਖੀ ਵਜੋਂ ਕੰਮ ਕਰ ਰਿਹਾ ਹੈ। ਸਾਲ 2012 ਵਿੱਚ ਉਸ ਨੂੰ ਰਿਲਾਇੰਸ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ ਸੀ। ਦਸੰਬਰ-2021 ਵਿੱਚ ਉਸ ਨੇ ਐਨਸੀਆਰ ਅਤੇ ਪੰਜਾਬ ਵਿੱਚ ਵਾਹਨ ਚੋਰੀ ਕਰਨ ਵਾਲੇ ਗਰੋਹ ਦੀ ਸ਼ੁਰੂਆਤ ਕੀਤੀ। ਗਰੋਹ ਦੇ ਕੁਝ ਮੈਂਬਰ ਪਹਿਲਾਂ ਹੀ ਪੰਜਾਬ ਵਿੱਚ ਘਿਣਾਉਣੇ ਅਪਰਾਧਾਂ ਵਿੱਚ ਸ਼ਾਮਲ ਸਨ।ਕੰਪਿਊਟਰ ਇੰਜਨੀਅਰ ਹੋਣ ਦੇ ਨਾਤੇ ਉਸ ਨੇ ਹੁੰਡਈ ਕਾਰ ਦਾ ਤਾਲਾ ਖੋਲ੍ਹਣ ਵਿੱਚ ਸਿਰਫ਼ 10-15 ਮਿੰਟ ਲਏ ਕਿਉਂਕਿ ਉਸ ਨੂੰ ਹੁੰਡਈ ਦੀਆਂ ਗੱਡੀਆਂ ਨੂੰ ਅਨਲੌਕ ਕਰਨ ਵਿੱਚ ਮੁਹਾਰਤ ਹੈ।