ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਨਵੰਬਰ
ਚੰਡੀਗੜ੍ਹ ਕਾਂਗਰਸ ਨੇ ਲੰਘੇ ਦਿਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮੈਟਰੋ ਪ੍ਰਾਜੈਕਟ ਦੀ ਲਾਗਤ ’ਤੇ ਉਸ ਨੂੰ ਪੂਰਾ ਕਰਨ ਸਮੇਂ ਪੇਸ਼ ਆਉਣ ਵਾਲੀਆਂ ਦਿੱਕਤਾਂ ’ਤੇ ਸਵਾਲ ਖੜ੍ਹੇ ਕੀਤੇ ਹਨ। ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਰਾਜੀਵ ਸ਼ਰਮਾ ਨੇ ਕਿਹਾ ਕਿ ਭਾਜਪਾ ਵੱਲੋਂ ਮੈਟਰੋ ਪ੍ਰਾਜੈਕਟ ਨੂੰ ਕਮਾਈ ਵਾਲਾ ਪ੍ਰਾਜੈਕਟ ਸਮਝਣਾ ਗ਼ਲਤ ਹੈ। ਇਸ ਨਾਲ ਸ਼ਹਿਰ ਨੂੰ ਸਾਮਾਜਿਕ ਤੇ ਆਰਥਿਕ ਤੌਰ ’ਤੇ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੇ ਆਲੇ-ਦੁਆਲੇ ਇਲਾਕੇ ਵਿੱਚ ਆਵਾਜਾਈ ਸਮੱਸਿਆ ਦੇ ਹੱਲ ਲਈ ਮੈਟਰੋ ਹੀ ਇੱਕ ਸਾਰਥਕ ਹੱਲ ਹੈ, ਪਰ ਭਾਜਪਾ ਮੈਟਰੋ ਪ੍ਰਾਜੈਕਟ ਨੂੰ ਵੀ ਕਮਾਈ ਵਾਲੇ ਪ੍ਰਾਜੈਕਟ ਵਾਂਗ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਤੇ ਤਰੱਕੀ ਲਈ ਕੇਂਦਰ ਸਰਕਾਰ ਵੱਲੋਂ ਬਣਦਾ ਸਹਿਯੋਗ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ।
ਰਾਜੀਵ ਸ਼ਰਮਾ ਨੇ ਕਿਹਾ ਕਿ ਚੰਡੀਗੜ੍ਹ ਦੀਆਂ ਸੜਕਾਂ ’ਤੇ ਟਰੈਫਿਕ ਵਧਣ ਕਰ ਕੇ ਇਸ ਦੇ ਵਾਤਾਵਰਨ ’ਤੇ ਵਧੇਰੇ ਮਾੜਾ ਅਸਰ ਪੈ ਰਿਹਾ ਹੈ, ਜਿਸ ਨਾਲ ਸਿਟੀ ਬਿਊਟੀਫੁਲ ਦੀ ਹਾਲਤ ਹੋਰ ਖ਼ਰਾਬ ਹੁੰਦੀ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਇਨ੍ਹਾਂ ਮਸਲਿਆਂ ’ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪਿਛਲੇ 10 ਸਾਲਾਂ ਵਿੱਚ ਇਹ ਫ਼ੈਸਲਾ ਨਹੀਂ ਲੈ ਸਕੀ ਹੈ ਕਿ ਸ਼ਹਿਰ ਵਿੱਚੋਂ ਟਰੈਫਿਕ ਜਾਮ ਦੀ ਸਮੱਸਿਆ ਦਾ ਹੱਲ ਕਿਵੇਂ ਹੋ ਸਕਦਾ ਹੈ। ਭਾਜਪਾ ਵੱਲੋਂ ਕਦੇ ਮੈਟਰੋ, ਕਦੇ ਮੋਨੋ ਰੇਲ ਤੇ ਕਦੇ ਸਕਾਈ ਬੱਸ ਸਰਵਿਸ ਸ਼ੁਰੂ ਕਰਨ ਦੇ ਸੁਝਾਅ ਦਿੱਤੇ ਗਏ ਹਨ।