ਹਰਜੀਤ ਸਿੰਘ
ਜ਼ੀਰਕਪੁਰ, 16 ਜੂਨ
ਸ਼ਹਿਰ ਵਿੱਚ ਲੰਘੀ ਸ਼ਾਮ ਝੱਖੜ ਤੇ ਮੀਂਹ ਕਾਰਨ ਜ਼ੀਰਕਪੁਰ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ। ਸ਼ਹਿਰ ਵਿੱਚ ਬਿਜਲੀ ਸਪਲਾਈ ਕਰਨ ਵਾਲੀ ਮੇਨ ਲਾਈਨ ਦੇ ਤਿੰਨ ਟਾਵਰ ਜੜ੍ਹ ਤੋਂ ਉੱਖੜ ਕੇ ਡਿੱਗ ਗਏ ਹਨ, ਜਿਸ ਕਾਰਨ ਭਬਾਤ ਗਰਿੱਡ ਨੂੰ ਸਪਲਾਈ ਹੋਣ ਵਾਲੇ ਸਾਰੇ ਫੀਡਰਾਂ ਤੋਂ ਬਿਜਲੀ ਸਪਲਾਈ ਠੱਪ ਹੋ ਗਈ ਹੈ। ਲੰਘੀ ਸ਼ਾਮ ਤੋਂ ਹੀ ਗਰਿੱਡ ਤੋਂ ਸਪਲਾਈ ਹੋਣ ਵਾਲੇ ਭਬਾਤ ਖੇਤਰ, ਲੋਹਗੜ੍ਹ ਖੇਤਰ, ਪਿੰਡ ਛੱਤ ਸਣੇ 100 ਦੇ ਕਰੀਬ ਰਿਹਾਇਸ਼ੀ ਕਲੋਨੀਆਂ ਵਿੱਚ ਬਿਜਲੀ ਸਪਲਾਈ ਠੱਪ ਪਈ ਹੈ। ਪਾਵਰਕੌਮ ਦੇ ਅਧਿਕਾਰੀ ਲੰਘੀ ਰਾਤ ਤੋਂ ਸਪਲਾਈ ਬਹਾਲ ਕਰਨ ਵਿੱਚ ਜੁੱਟੇ ਹੋਏ ਹਨ ਪਰ ਬਿਜਲੀ ਸਪਲਾਈ ਕਰਨ ਨੂੰ 24 ਘੰਟੇ ਦਾ ਹੋਰ ਸਮਾਂ ਲੱਗਣ ਦੀ ਸੰਭਾਵਣਾ ਹੈ। ਦੂਜੇ ਪਾਸੇ ਬਿਜਲੀ ਦੀ ਸਪਲਾਈ ਨਾ ਹੋਣ ਕਾਰਨ ਲੋਕ ਭਾਰੀ ਪ੍ਰੇਸ਼ਾਨੀ ਵਿੱਚ ਸਮਾਂ ਲੰਘਾ ਰਹੇ ਹਨ। ਲੋਕਾਂ ਦੇ ਘਰੇਲੂ ਅਤੇ ਹੋਰ ਕੰਮ ਪ੍ਰਭਾਵਿਤ ਹੋ ਰਹੇ ਹਨ। ਬਿਜਲੀ ਨਾ ਹੋਣ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸੇ ਵਿੱਚ ਪਾਣੀ ਦੀ ਸਪਲਾਈ ਨਾ ਆਉਣ ਨਾਲ ਕਿੱਲਤ ਪੈਦਾ ਹੋ ਗਈ ਹੈ। ਲੋਕਾਂ ਵਿੱਚ ਪਾਵਰਕੌਮ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਾਵਰਕੌਮ ਦੇ ਐਕਸੀਅਨ ਐੱਚਐੱਸ ਓਬਰਾਏ ਨੇ ਦੱਸਿਆ ਕਿ ਲੰਘੀ ਰਾਤ ਤੋਂ ਹੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਟਾਵਰ ਨੂੰ ਠੀਕ ਕਰਨ ਵਿੱਚ ਘੱਟ ਤੋਂ ਘੱਟ 8 ਘੰਟੇ ਅਤੇ ਕੁੱਲ 24 ਘੰਟੇ ਸਪਲਾਈ ਬਹਾਲ ਕਰਨ ਨੂੰ ਹੋਰ ਲੱਗ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਸਪਲਾਈ ਲਈ ਦੋ ਦੋ ਘੰਟੇ ਲਈ ਵੱਖ ਵੱਖ ਖੇਤਰਾਂ ਵਿੱਚ ਸਪਲਾਈ ਬਹਾਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।