ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜੁਲਾਈ
ਇਥੇ ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਆਰਟ ਐਂਡ ਮਿਊਜ਼ੀਅਮ ਗੈਲਰੀ ਦੇ ਆਡੀਟੋਰੀਅਮ ਸੈਕਟਰ-10 ਵਿੱਚ ਹੋਈ। ਇਸ ਵਿੱਚ ਪਰਵਾਸੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਦੀ ਕਾਵਿ-ਪੁਸਤਕ ‘ਜਗਤ ਤਮਾਸ਼ਾ’ ਲੋਕ- ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਜ਼ਿਲ੍ਹਾ ਭਾਸ਼ਾ ਅਫਸਰ ਦਵਿੰਦਰ ਬੋਹਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪ੍ਰਸਿੱਧ ਗਜ਼ਲ-ਗੋ ਸੁਲੱਖਣ ਸਰਹੱਦੀ, ਲੇਖਕ ਜਸਪਾਲ ਸਿੰਘ ਦੇਸੂਵੀ, ਗਿਆਨ ਸਿੰਘ ਦਰਦੀ, ਡਾ. ਅਵਤਾਰ ਸਿੰਘ ਪਤੰਗ, ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਸ਼ਾਮਲ ਸਨ। ਗਿਆਨ ਸਿੰਘ ਦਰਦੀ ਨੇ ਜਸਪਾਲ ਸਿੰਘ ਦੇਸੂਵੀ ਬਾਰੇ ਕਵਿਤਾ ਸੁਣਾਈ। ਬਲਕਾਰ ਸਿੱਧੂ ਅਤੇ ਗੁਰਦਰਸ਼ਨ ਸਿੰਘ ਮਾਵੀ ਨੇ ਪ੍ਰਧਾਨਗੀ ਮੰਡਲ ਨਾਲ ਮਿਲ ਕੇ ਕਿਤਾਬ ਦਾ ਲੋਕ ਅਰਪਣ ਕੀਤੀ। ਇਸ ਕਿਤਾਬ ਵਿੱਚੋਂ ਦਵਿੰਦਰ ਕੌਰ ਢਿੱਲੋਂ ਨੇ ਗੀਤ ਸੁਣਾ ਕੇ ਮਾਹੌਲ ਰੰਗੀਨ ਬਣਾ ਦਿੱਤਾ। ਸਤਬੀਰ ਕੌਰ ਨੇ ਕਿਤਾਬ ਬਾਰੇ ਪਰਚਾ ਪੜ੍ਹਿਆ। ਉਨ੍ਹਾਂ ਕਿਹਾ ਕਿ ਲੇਖਕ ਨੂੰ ਸ਼ਬਦਾਂ ਦੀ ਸਹੀ ਚੋਣ ਅਤੇ ਵਰਤੋਂ ਦਾ ਚੰਗੀ ਤਰ੍ਹਾਂ ਪਤਾ ਹੈ। ਕਿਤਾਬ ਬਾਰੇ ਸੇਵੀ ਰਾਇਤ, ਡਾ: ਅਵਤਾਰ ਸਿੰਘ ਪਤੰਗ, ਦਰਸ਼ਨ ਬੁੱਟਰ,ਬਲਕਾਰ ਸਿੱਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਿਮਰਜੀਤ ਗਰੇਵਾਲ, ਨਿਰਮਲ ਕੋਟਲਾ ,ਕਰਮਜੀਤ ਬੱਗਾ ਨੇ ਵੀ ਕਿਤਾਬ ਵਿਚੋਂ ਕਵਿਤਾਵਾਂ ਸੁਣਾਈਆਂ। ਦਰਸ਼ਨ ਬੁੱਟਰ ਨੇ ਕਵਿਤਾ ਦੇ ਵੱਖ-ਵੱਖ ਰੂਪ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕੀਤਾ। ਲੇਖਕ ਦੇਸੂਵੀ ਜੀ ਨੇ ਵੀ ਵਿਚਾਰ ਸਾਂਝੇ ਕੀਤੇ। ਸੁਲੱਖਣ ਸਰਹੱਦੀ ਨੇ ਕਈ ਚੰਗੇ ਸੁਝਾਅ ਦਿੱਤੇ। ਇਸ ਮੌਕੇ ਮਹਿਮਾਨਾਂ ਨੂੰ ਅਤੇ ਕੁਝ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਦੁਪਹਿਰ ਦੇ ਖਾਣੇ ਤੋਂ ਬਾਅਦ ਕਵੀ ਦਰਬਾਰ ਵਿੱਚ ਮਨਜੀਤ ਕੌਰ ਮੋਹਾਲੀ, ਥੰਮਣ ਸਿੰਘ ਸੈਣੀ, ਸ਼ਿੰਦਾ ਬੁਰਜਵਾਲਾ,ਕੁਲਵਿੰਦਰ ਕੌਰ ਨੰਗਲ, ਰਵਿੰਦਰ ਭਗਤ, ਗੁਰਦਰਸ਼ਨ ਸਿੰਘ ਮਾਵੀ, ਰਾਜਿੰਦਰ ਰੇਨੂ,ਸਤਬੀਰ ਕੌਰ, ਦਰਸ਼ਨ ਸਿੱਧੂ, ਦੇਸੂਵੀ ਨੇ ਆਪਣੀਆਂ ਕਵਿਤਾਵਾਂ ਅਤੇ ਗਜ਼ਲਾਂ ਪੇਸ਼ ਕੀਤੀਆਂ।
‘ਕੰਜਕਾਂ’ ਪੁਸਤਕ ਦੀ ਘੁੰਡ ਚੁਕਾਈ
ਨੰਗਲ (ਰਾਕੇਸ਼ ਸੈਣੀ): ਆਈ ਟੀਆਈ ਨੰਗਲ ਦੇ ਪ੍ਰਿੰਸੀਪਲ ਲਲਿਤ ਚੋਧਰੀ ਵੱਲੋਂ ਲਿੱਖੀ ਮਿਨੀ ਕਹਾਣੀਆਂ ਦੀ ਪੁਤਸਕ ‘ਕੰਜਕਾਂ’ ਦੀ ਘੁੰਡ ਚੁਕਾਈ ਲਈ ਇਕ ਸਾਹਿਸਤਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਇਲਾਕੇ ਦੇ ਅਨੇਕਾਂ ਹੀ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਭਾਗ ਲਿਆ। ਇਸ ਸਮਾਗਮ ਵਿੱਚ ਬੀਬੀਐੱਮਬੀ ਦੇ ਚੀਫ਼ ਇੰਜਨੀਅਰ ਸੀਪੀ ਸਿੰਘ, ਡਿਪਟੀ ਚੀਫ਼ ਇੰਜਨੀਅਰ ਹੁਸਨ ਲਾਲ ਕੰਬੋਜ, ਪ੍ਰਿੰਸੀਪਲ ਜਸਵੀਰ ਸਿੰਘ ਤੇ ‘ਆਪ’ ਆਗੂ ਡਾ. ਸੰਜੀਵ ਗੌਤਮ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।