ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਜੂਨ
ਯੂਟੀ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-21 ਦੇ ਜੇਬੀਟੀ ਅਧਿਆਪਕ ਪਰਵਿੰਦਰ ਸਭਰਵਾਲ ਨੂੰ ਮੁਅੱਤਲ ਕਰ ਦਿੱਤਾ ਹੈ। ਉਸ ਨੂੰ ਵਿਭਾਗ ਨੇ 6 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਚਾਰਜਸ਼ੀਟ ਕੀਤਾ ਸੀ ਤੇ ਇਸ ਦੀ ਜਾਂਚ ਵਿਚ ਦੋਸ਼ ਸਾਬਤ ਹੋਏ ਹਨ ਕਿ ਉਸ ਨੇ ਲੋਕਾਂ ਨੂੰ ਨੌਕਰੀਆਂ ਲਵਾਉਣ ਲਈ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ ਜਿਸ ਕਾਰਨ ਜੇਬੀਟੀ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪਰਵਿੰਦਰ ਸਭਰਵਾਲ ਖ਼ਿਲਾਫ਼ ਸਾਲ 2019 ਵਿੱਚ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਨੇ ਯੂਟੀ ਦੇ ਕਰ ਤੇ ਆਬਕਾਰੀ ਵਿਭਾਗ ਦੇ ਵਿਸ਼ਨੂੰ ਨਾਲ ਮਿਲ ਕੇ ਲੋਕਾਂ ਤੋਂ ਕਰੋੜਾਂ ਰੁਪਏ ਲਏ ਹਨ ਤੇ ਬਦਲੇ ਵਿਚ ਉਨ੍ਹਾਂ ਨੂੰ ਪੰਜਾਬ, ਹਰਿਆਣਾ ਤੇ ਯੂਟੀ ਵਿਚ ਨੌਕਰੀਆਂ ਲਵਾਉਣ ਦੀ ਹਾਮੀ ਭਰੀ ਹੈ।
ਇਸ ਤੋਂ ਬਾਅਦ ਵਿਭਾਗ ਨੇ ਇਸ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ। ਇਸ ਤੋਂ ਬਾਅਦ ਅਧਿਆਪਕ ਨੇ ਦੋਸ਼ ਲਾਏ ਕਿ ਉਸ ਨੇ ਇਹ ਰਕਮ ਕਰ ਤੇ ਆਬਕਾਰੀ ਅਫਸਰ ਦੇ ਕਹਿਣ ’ਤੇ ਇਕੱਠੀ ਕੀਤੀ ਹੈ ਜਿਸ ਕਾਰਨ ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ ਨੇ ਇਸ ਮਾਮਲੇ ’ਤੇ ਕਰ ਤੇ ਆਬਕਾਰੀ ਅਧਿਕਾਰੀ ਖ਼ਿਲਾਫ਼ ਜਾਂਚ ਕੀਤੀ ਪਰ ਜਾਂਚ ’ਚ ਇਹ ਸਾਹਮਣੇ ਆਇਆ ਕਿ ਕਰ ਤੇ ਆਬਕਾਰੀ ਅਧਿਕਾਰੀ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।
12 ਵਿਅਕਤੀਆਂ ਦੇ ਪੌਣੇ ਦੋ ਕਰੋੜ ਦਾ ਨਹੀਂ ਮਿਲਿਆ ਹਿਸਾਬ
ਜੇਬੀਟੀ ਅਧਿਆਪਕ ਨੇ ਦੋਸ਼ ਲਾਇਆ ਸੀ ਕਿ ਉਸ ਨੇ ਪੌਣੇ ਦੋ ਕਰੋੜ ਦੇ ਕਰੀਬ ਰੁਪਏ 12 ਜਣਿਆਂ ਤੋਂ ਇਕੱਠੇ ਕੀਤੇ ਸਨ ਤੇ ਇਹ ਰਕਮ ਵਿਸ਼ਨੂੰ ਨੂੰ ਦਿੱਤੀ ਗਈ ਸੀ ਪਰ ਬਾਅਦ ਵਿਚ ਇਹ ਸਾਹਮਣੇ ਆਇਆ ਕਿ ਇਹ ਰਕਮ ਨੌਕਰੀਆਂ ਲਵਾਉਣ ਲਈ ਨਹੀਂ ਬਲਕਿ ਵਿਸ਼ਵਾਸ ’ਤੇ ਉਧਾਰ ਦਿੱਤੀ ਗਈ ਸੀ ਜੋ ਹਾਲੇ ਤਕ ਵਾਪਸ ਨਹੀਂ ਆਈ। ਦੂਜੇ ਪਾਸੇ ਯੂਟੀ ਸਿੱਖਿਆ ਵਿਭਾਗ ਪੌਣੇ ਦੋ ਕਰੋੜ ਦੀ ਥਾਂ ਛੇ ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਚਾਰਜਸ਼ੀਟ ਦਾਖਲ ਕੀਤੀ। ਜਾਂਚ ਕਰਨ ਵਾਲੇ ਅਧਿਕਾਰੀ ਡਿਪਟੀ ਡਾਇਰੈਕਟਰ ਸੁਨੀਲ ਬੇਦੀ ਨੇ ਰਿਪੋਰਟ ਵਿਚ ਲਿਖਿਆ ਕਿ ਪਰਵਿੰਦਰ ਤੇ ਸ਼ਿਕਾਇਤਕਰਤਾ ਦਰਮਿਆਨ ਪੈਸੇ ਦਾ ਲੈਣ ਦੇਣ ਬੈਂਕ ਰਿਕਾਰਡ ਵਿਚ ਹੈ ਪਰ ਇਸ ਬਾਰੇ ਵਿਭਾਗ ਨੂੰ ਸੂਚਿਤ ਨਹੀਂ ਕੀਤਾ ਗਿਆ ਜਿਸ ਅਧਾਰ ’ਤੇ ਅਧਿਆਪਕ ਨੂੰ ਮੁਅੱਤਲ ਕੀਤਾ ਜਾਂਦਾ ਹੈ।
ਅਧਿਆਪਕ ਦੀ ਦੁਬਾਰਾ ਤਾਇਨਾਤੀ ’ਤੇ ਸਵਾਲ
ਇਹ ਵੀ ਸਾਹਮਣੇ ਆਇਆ ਹੈ ਕਿ ਜੇਬੀਟੀ ਅਧਿਆਪਕ ਨੂੰ ਪੈਸੇ ਦੇ ਲੈਣ ਦੇਣ ਕਾਰਨ ਪਹਿਲਾਂ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਉਸ ਖਿਲਾਫ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਬਹਾਲ ਕਰ ਦਿੱਤਾ ਗਿਆ। ਅਧਿਆਪਕ ਦੇ ਸਕੂਲ ਵਿਚ ਕੰਮ ਕਰਨ ਵਾਲੇ ਅਧਿਆਪਕਾਂ ਨੇ ਦੱਸਿਆ ਕਿ ਪਰਵਿੰਦਰ ਸਿੰਘ ਪ੍ਰਿੰਸੀਪਲਾਂ ’ਤੇ ਵੀ ਆਪਣੀ ਸਿਆਸੀ ਪਹੁੰਚ ਦਾ ਡਰਾਵਾ ਦਿੰਦਾ ਸੀ ਤੇ ਉਸ ਨੇ ਸਾਥੀ ਅਧਿਆਪਕਾਂ ਦੀ ਉਧਾਰ ਲਈ ਰਕਮ ਵਾਪਸ ਨਹੀਂ ਕੀਤੀ।