ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਅਕਤੂਬਰ
ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਜੇਈਈ) ਐਡਵਾਂਸ ਦਾ ਨਤੀਜਾ ਅੱਜ ਐਲਾਨਿਆ ਗਿਆ। ਇਸ ਵਾਰ ਟਰਾਈਸਿਟੀ ਟੌਪ ਵਿਚ ਪੰਜ ਵਿਦਿਆਰਥੀਆਂ ਨੇ ਥਾਂ ਬਣਾਈ ਹੈ। ਧਵਨਿਤ ਬੈਨੀਵਾਲ ਦਾ ਆਲ ਇੰਡੀਆ ਰੈਂਕ 10 ਆਇਆ ਹੈ। ਗਰਪ੍ਰੀਤ ਸਿੰਘ ਦਾ ਆਲ ਇੰਡੀਆ ਰੈਂਕ 23, ਹੇਮੰਕ ਬਜਾਜ ਦਾ 71ਵਾਂ, ਕਾਰਤਿਕ ਸ਼ਰਮਾ ਦਾ 87ਵਾਂ ਤੇ ਤਨਿਸ਼ ਦਾ 96ਵਾਂ ਰੈਂਕ ਆਇਆ ਹੈ। ਇਸ ਤੋਂ ਇਲਾਵਾ ਆਰੀਅਨ ਸ਼ਰਮਾ ਦਾ 131 ਰੈਂਕ ਆਇਆ ਹੈ। ਇਨ੍ਹਾਂ ਸਾਰਿਆਂ ਨੇ ਭਵਨ ਵਿਦਿਆਲਿਆ ਸਕੂਲ ਪੰਚਕੂਲਾ ਤੋਂ ਪੜ੍ਹਾਈ ਕੀਤੀ ਹੈ।
ਆਲ ਇੰਡੀਆ 10ਵਾਂ ਰੈਂਕ ਹਾਸਲ ਕਰਨ ਵਾਲਾ ਧਵਨਿਤ ਦੇ ਪਿਤਾ ਹਰਿਆਣਾ ਦੇ ਇੰਜਨੀਅਰਿੰਗ ਵਿਭਾਗ ਤੋਂ ਸੇਵਾਮੁਕਤ ਹੋਏ ਹਨ ਤੇ ਮਾਂ ਸਰਕਾਰੀ ਸਕੂਲ ਕਿਸ਼ਨਗੜ੍ਹ ਵਿਚ ਪੜ੍ਹਾਉਂਦੇ ਹਨ। ਧਵਨਿਤ ਦਸਵੀਂ ਜਮਾਤ ਵਿਚ ਨੈਸ਼ਨਲ ਟੇਲੈਂਟ ਸਰਚ ਪ੍ਰੀਖਿਆ ਪਾਸ ਕਰ ਚੁੱਕਾ ਹੈ। ਉਹ ਸੰਗੀਤ ਸੁਣ ਕੇ ਆਪਣਾ ਥਕੇਵਾਂ ਲਾਹੁੰਦਾ ਰਿਹਾ ਹੈ। 23ਵਾਂ ਰੈਂਕ ਹਾਸਲ ਕਰਨ ਵਾਲਾ ਗੁਰਪ੍ਰੀਤ ਲੁਧਿਆਣਾ ਦਾ ਰਹਿਣ ਵਾਲਾ ਹੈ ਪਰ ਉਸ ਨੇ ਚੰਡੀਗੜ੍ਹ ਆ ਕੇ ਪੜ੍ਹਾਈ ਕੀਤੀ। ਉਸ ਨੇ ਤਣਾਅ ਨੂੰ ਦੂਰ ਕਰਨ ਲਈ ਕ੍ਰਿਕਟ ਖੇਡਣ ਦਾ ਸਹਾਰਾ ਲਿਆ। ਕਰੋਨਾ ਨੇ ਉਸ ‘ਤੇ ਕਾਫੀ ਅਸਰ ਪਾਇਆ ਪਰ ਉਸ ਦੇ ਮਾਪਿਆਂ ਨੇ ਉਸ ਦੇ ਜੋਸ਼ ਨੂੰ ਮੱਠਾ ਨਹੀਂ ਪੈਣ ਦਿੱਤਾ। ਗੁਰਪ੍ਰੀਤ ਨੇ ਦੱਸਿਆ ਕਿ ਉਸ ਦਾ ਮਨਪਸੰਦ ਵਿਸ਼ਾ ਗਣਿਤ ਰਿਹਾ ਹੈ ਜਿਸ ਵਿਚ ਉਸ ਦੇ ਹਮੇਸ਼ਾ ਸਰਵੋਤਮ ਅੰਕ ਆਏ ਹਨ। ਉਸ ਨੇ ਸ਼ੁਰੂਆਤ ਵਿਚ ਅਬੈਕਸ ਦੀਆਂ ਜਮਾਤਾਂ ਲਾਈਆਂ।
ਤੀਜਾ ਸਥਾਨ ਹਾਸਲ ਕਰਨ ਵਾਲੇ ਹੇਮੰਕ ਬਜਾਜ ਨੇ ਦਸਵੀਂ ਮਾਨਵ ਮੰਗਲ ਸਕੂਲ ਤੋਂ ਕੀਤੀ ਤੇ ਬਾਰ੍ਹਵੀਂ ਜਮਾਤ ਭਵਨ ਵਿਦਿਆਲਿਆ ਤੋਂ ਕੀਤੀ। ਉਸ ਨੇ ਟੇਬਲ ਟੈਨਿਸ ਵਿਚ ਕਈ ਮਾਅਰਕੇ ਮਾਰੇ। ਹੇਮੰਤ ਨੇ ਦੱਸਿਆ ਕਿ ਉਹ ਸਵੇਰੇ ਜੌਗਿੰਗ ਕਰਨ ਦਾ ਸ਼ੌਕੀਨ ਹੈ। ਕਰੋਨਾ ਕਾਰਨ ਜੇਈਈ ਪ੍ਰੀਖਿਆ ਪਹਿਲਾਂ ਮੁਲਤਵੀ ਹੋਣ ਕਾਰਨ ਉਹ ਕਾਫੀ ਨਿਰਾਸ਼ ਹੋ ਗਿਆ ਸੀ ਪਰ ਅਧਿਆਪਕਾਂ ਨੇ ਉਸ ਦਾ ਊਤਸ਼ਾਹ ਵਧਾਇਆ। 87ਵਾਂ ਰੈਂਕ ਹਾਸਲ ਕਰਨ ਵਾਲੇ ਕਾਰਤਿਕ ਸ਼ਰਮਾ ਨੇ ਦੱਸਿਆ ਕਿ ਉਸ ਨੇ ਮਾਝੇ ਤੋਂ ਆ ਕੇ ਚੰਡੀਗੜ੍ਹ ਵਿਚ ਸਿੱਖਿਆ ਲਈ। ਉਸ ਨੇ ਯੋਗ ਨੂੰ ਸ਼ੁਰੂ ਤੋਂ ਹੀ ਜ਼ਿੰਦਗੀ ਦਾ ਹਿੱਸਾ ਬਣਾਇਆ ਜਿਸ ਕਾਰਨ ਉਸ ਨੇ ਪੜ੍ਹਾਈ ਵੱਲ ਧਿਆਨ ਕੇਂਦਰਿਤ ਕੀਤਾ। 96ਵਾਂ ਰੈਂਕ ਹਾਸਲ ਕਰਨ ਵਾਲਾ ਤਨਿਸ਼ ਨਾਵਲ ਪੜ੍ਹਨ ਦਾ ਸ਼ੌਕੀਨ ਹੈ।
ਸਕੂਲ ਖੋਲ੍ਹਣ ਲਈ ਮਾਪਿਆਂ ਤੇ ਅਧਿਆਪਕਾਂ ਤੋਂ ਰਾਇ ਮੰਗੀ
ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਉਹ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਨਾਲ ਆਨਲਾਈਨ ਮਿਲਣੀ ਕਰਨ ਲਈ ਕਹਿਣ ਤੇ ਉਨ੍ਹਾਂ ਤੋਂ ਬੱਚੇ ਸਕੂਲ ਭੇਜਣ ਲਈ ਰਾਇ ਲੈਣ। ਇਸ ਦੇ ਨਾਲ ਹੀ ਪਹਿਲੀ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਸਕੂਲ ਸੱਦਣ ਲਈ ਅਧਿਆਪਕਾਂ ਤੋਂ ਵੀ 6 ਅਕਤੂਬਰ ਤਕ ਫੀਡਬੈਕ ਮੰਗੀ ਗਈ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਰਵਿੰਦਰ ਕੌਰ ਨੇ ਦੱਸਿਆ ਕਿ ਕੇਂਦਰ ਵਲੋਂ ਸਕੂਲ 15 ਅਕਤੂਬਰ ਤੋਂ ਖੋਲ੍ਹਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਨੂੰ ਵੀ ਅੱਜ ਪੱਤਰ ਜਾਰੀ ਕਰ ਕੇ ਸੀਨੀਅਰ ਜਮਾਤਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਦਾ ਰਿਕਾਰਡ 8 ਅਕਤੂਬਰ ਤਕ ਮੰਗਿਆ ਗਿਆ ਹੈ। ਯੂਟੀ ਵਲੋਂ ਫੀਡਬੈਕ ਲੈਣ ਤੋਂ ਬਾਅਦ ਸਕੂਲ ਮੁਖੀਆਂ ਨਾਲ ਮੀਟਿੰਗ ਕਰ ਕੇ ਫੈਸਲਾ ਕੀਤਾ ਜਾਵੇਗਾ ਕਿ ਸਕੂਲ 15 ਅਕਤੂਬਰ ਤੋਂ ਖੋਲ੍ਹਣੇ ਹਨ ਜਾਂ ਨਹੀਂ।
ਅਨਹਦ ਦਾ ਆਲ ਇੰਡੀਆ ਪਹਿਲਾ ਰੈਂਕ
਼ਆਲ ਇੰਡੀਆ ਲਾਅ ਐਂਟਰੈਂਸ ਟੈਸਟ (ਐਲਆਈਈਟੀ) ਤੇ ਕਾਮਨ ਲਾਅ ਐਂਟਰੈਂਸ ਟੈਸਟ (ਕਲੈਟ) ਦਾ ਨਤੀਜਾ ਅੱਜ ਐਲਾਨਿਆ ਗਿਆ। ਦੇਸ਼ ਭਰ ਵਿਚੋਂ ਟਰਾਈਸਿਟੀ ਦੇ ਪੰਜ ਵਿਦਿਆਰਥੀਆਂ ਨੇ ਪਹਿਲੇ 100 ਵਿਚ ਥਾਂ ਬਣਾਈ ਹੈ। ਐਲਆਈਈਟੀ ਵਿਚ ਮੁਹਾਲੀ ਦੀ ਅਨਹਦ ਕੌਰ ਨੇ ਦੇਸ਼ ਭਰ ਵਿਚੋਂ ਪਹਿਲਾ ਰੈਂਕ ਹਾਸਲ ਕੀਤਾ ਜਦਕਿ ਉਸ ਦਾ ਕਲੈਟ ਵਿਚ ਸੱਤਵਾਂ ਰੈਂਕ ਆਇਆ। ਚੰਡੀਗੜ੍ਹ ਦੇ ਦਿਗਵਿਜੈ ਸਿੰਘ ਦਾ ਆਲ ਇੰਡੀਆ ਦੂਜਾ ਰੈਂਕ ਆਇਆ ਹੈ, ਇਸ ਤੋਂ ਇਲਾਵਾ ਕਾਰਤਿਕ ਦਾ 13ਵਾਂ, ਮਾਧਵ ਅਗਰਵਾਲ ਦਾ 65ਵਾਂ, ਹਰਸ਼ਿਤ ਸ਼ਰਮਾ ਦਾ 78ਵਾਂ ਰੈਂਕ ਆਇਆ। ਇਹ ਸਾਰੇ ਵਿਦਿਆਰਥੀ ਭਵਨ ਵਿਦਿਆਲਿਆ ਸੈਕਟਰ-27 ਚੰਡੀਗੜ੍ਹ ਦੇ ਵਿਦਿਆਰਥੀ ਰਹੇ ਹਨ।