ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 11 ਜੁਲਾਈ
ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਜੇਈਈ) ਮੇਨਜ਼ ਪਹਿਲੇ ਸੈਸ਼ਨ ਦਾ ਨਤੀਜਾ ਐਲਾਨ ਦਿੱਤਾ। ਇਸ ਦੌਰਾਨ ਸਾਰਥ ਸਿੰਗਲਾ ਨੇ ਟਰਾਈਸਿਟੀ ਵਿੱਚੋਂ ਟੌਪ ਕੀਤਾ ਹੈ ਜਦਕਿ ਵਾਸੂ ਸਿੰਗਲਾ ਦੂਜੇ, ਯੱਗਿਆ ਗੋਇਲ ਤੀਜੇ ਤੇ ਨਿਵੇਸ਼ ਅਗਰਵਾਲ ਚੌਥੇ ਸਥਾਨ ’ਤੇ ਆਏ। ਇਸ ਵਾਰ ਵੀ ਲੜਕੀਆਂ ਨੂੰ ਪਛਾੜਦਿਆਂ ਲੜਕਿਆਂ ਨੇ ਬਾਜ਼ੀ ਮਾਰੀ। ਸਾਰਥ ਦੇ 99.9984363 ਪਰਸੈਂਟਾਈਲ ਆਏ ਹਨ ਤੇ ਉਸ ਦਾ ਪ੍ਰੇਰਨਾ ਸਰੋਤ ਉਸ ਦਾ ਭਰਾ ਰਿਹਾ ਜਿਸ ਨੇ ਪੈਕ ਤੋਂ ਕੰਪਿਊਟਰ ਇੰਜਨੀਅਰਿੰਗ ਕੀਤੀ ਹੈ। ਚੰਡੀਗੜ੍ਹ ਦੇ ਸੈਕਟਰ-50 ਵਿਚ ਰਹਿਣ ਵਾਲੇ ਸਾਰਥ ਨੇ ਦਸਵੀਂ ਆਸ਼ਿਆਨਾ ਪਬਲਿਕ ਸਕੂਲ ਸੈਕਟਰ-46 ਤੋਂ ਕੀਤੀ ਜਦਕਿ ਬਾਰ੍ਹਵੀਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-23 ਤੋਂ ਕੀਤੀ। ਉਸ ਦੇ ਪਿਤਾ ਵਕੀਲ ਤੇ ਮਾਂ ਘਰੇਲੂ ਸੁਆਣੀ ਹੈ। ਬਲਟਾਨਾ ਦੇ ਵਾਸੂ ਸਿੰਗਲਾ ਨੇ ਦੱਸਿਆ ਕਿ ਉਸ ਨੇ ਸੱਤਵੀਂ ਵਿੱਚ ਤੈਅ ਕਰ ਲਿਆ ਸੀ ਕਿ ਇਕ ਦਿਨ ਉਹ ਇੰਜਨੀਅਰ ਬਣੇਗਾ। ਉਸ ਦੇ 99.998432 ਪਰਸੈਂਟਾਈਲ ਆਏ ਹਨ। ਉਸ ਨੇ ਬਾਰ੍ਹਵੀਂ ਜਮਾਤ ਚੰਡੀਗੜ੍ਹ ਦੇ ਗੁਰੂ ਹਰਿਕ੍ਰਿਸ਼ਨ ਮਾਡਲ ਸਕੂਲ ਸੈਕਟਰ-38 ਵਿੱਚੋਂ ਕੀਤੀ। ਉਸ ਦੇ ਪਿਤਾ ਭੇਲ ਵਿੱਚ ਏਡੀਜੀਐਮ ਹਨ ਤੇ ਮਾਂ ਘਰੇਲੂ ਸੁਆਣੀ ਹੈ। ਉਹ ਆਈਆਈਟੀ ਮੁੰਬਈ ਤੋਂ ਕੰਪਿਊਟਰ ਸਾਇੰਸ ਵਿੱਚ ਬੀ.ਟੈੱਕ ਕਰਨਾ ਚਾਹੁੰਦਾ ਹੈ। ਯੱਗਿਆ ਗੋਇਲ ਦੇ 99.993 ਪਰਸੈਂਟਾਈਲ ਆਏ ਹਨ। ਉਸ ਨੇ ਸੇਂਟ ਜੌਹਨਜ਼ ਸਕੂਲ ਸੈਕਟਰ-26 ਤੋਂ ਦਸਵੀਂ ਤੇ ਸ੍ਰੀ ਗੁਰੂ ਹਰਿਕਿਸ਼ਨ ਪਬਲਿਕ ਸਕੂਲ ਸੈਕਟਰ-40 ਤੋਂ ਬਾਰ੍ਹਵੀਂ ਜਮਾਤ ਪਾਸ ਕੀਤੀ। ਉਸ ਦੇ ਮਾਪੇ ਡਾਕਟਰ ਹਨ। ਉਹ ਵੀ ਮੁੰਬਈ ਦੀ ਆਈਆਈਟੀ ਤੋਂ ਬੀ.ਟੈੱਕ ਕਰਨ ਦਾ ਚਾਹਵਾਨ ਹੈ। ਨਿਵੇਸ਼ ਗੋਇਲ ਦੇ 99.992 ਪਰਸੈਂਟਾਈਲ ਆਏ ਹਨ। ਉਹ ਗਣਿਤ ਵਿੱਚ ਮਾਹਰ ਸੀ, ਜਿਸ ਕਰ ਕੇ ਉਸ ਨੇ ਇੰਜਨੀਅਰਿੰਗ ਕਰਨਾ ਚੁਣਿਆ। ਉਸ ਦੇ ਪਿਤਾ ਪ੍ਰਾਈਵੇਟ ਬੈਂਕ ਵਿੱਚ ਰਿਜ਼ਨਲ ਹੈੱਡ ਤੇ ਮਾਂ ਘਰੇਲੂ ਸੁਆਣੀ ਹੈ।