ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 6 ਸਤੰਬਰ
ਇੱਥੋਂ ਦੇ ਫੇਜ਼-8 ਵਿੱਚ ਮਹੀਨੇ ਭਰ ਤੋਂ ਚੱਲ ਰਹੇ ਟਰੇਡ ਫੇਅਰ ਅਤੇ ਡਾਇਨਾਸੌਰ ਪਾਰਕ ਜਿੱਥੇ ਐਤਵਾਰ ਰਾਤ ਨੂੰ ਅਚਾਨਕ ਝੂਲਾ ਟੁੱਟਣ ਕਾਰਨ ਵਾਪਰੇ ਹਾਦਸੇ ਸਬੰਧੀ ਮੁਹਾਲੀ ਪੁਲੀਸ ਨੇ ਮੇਲਾ ਪ੍ਰਬੰਧਕ ਮੁਕੇਸ਼ ਸ਼ਰਮਾ, ਝੂਲੇ ਦੇ ਮਾਲਕ ਗੌਰਵ ਕੁਮਾਰ ਅਤੇ ਝੂਲੇ ਦੇ ਅਪਰੇਟਰ ਆਰਿਫ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਅੱਜ ਦੇਰ ਸ਼ਾਮ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੇਸ਼ ਅਰੋੜਾ ਨੇ ਕੀਤੀ। ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਮੇਲਾ ਪ੍ਰਬੰਧਕ ਅਤੇ ਹੋਰਨਾਂ ਖ਼ਿਲਾਫ਼ ਧਾਰਾ 287, 336, 337, 341 ਅਤੇ 323 ਅਧੀਨ ਪਰਚਾ ਦਰਜ ਕੀਤਾ ਗਿਆ ਸੀ। ਹਾਦਸੇ ਤੋਂ ਬਾਅਦ ਮੇਲੇ ਦੇ ਪ੍ਰਬੰਧਕ ਤੇ ਬਾਕੀ ਜ਼ਿੰਮੇਵਾਰ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਸਨ ਜਿਨ੍ਹਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਜਾਣਕਾਰੀ ਅਨੁਸਾਰ ਮੇਲੇ ਦੌਰਾਨ ਝੂਲੇ ਦੀ ਹਾਈਡ੍ਰੋਲਿਕ ਤਾਰ ਟੁੱਟ ਜਾਣ ਕਾਰਨ ਇਹ ਝੂਲਾ ਕਰੀਬ 50 ਫੁੱਟ ਉਚਾਈ ਤੋਂ ਥੱਲੇ ਆ ਕੇ ਡਿੱਗਿਆ। ਇਸ ਕਾਰਨ ਕਰੀਬ 30 ਵਿਅਕਤੀ ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ, ਜ਼ਖ਼ਮੀ ਹੋ ਗਏ ਸੀ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਮੇਲਾ ਪ੍ਰਬੰਧਕਾਂ ਦਾ ਕਾਫ਼ੀ ਸਾਮਾਨ ਜ਼ਬਤ ਕਰ ਲਿਆ ਹੈ। ਜਿਸ ਨੂੰ ਕੇਸ ਦੀ ਪ੍ਰਾਪਰਟੀ ਬਣਾਇਆ ਜਾਵੇਗਾ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਹਾਲੀ ਦੇ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਮੰਗ ਕੀਤੀ ਕਿ ਇਸ ਹਾਦਸੇ ਸਬੰਧੀ ਮੇਲਾ ਪ੍ਰਬੰਧਕਾਂ ਦੇ ਨਾਲ-ਨਾਲ ਜ਼ਿੰਮੇਵਾਰ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਬੇਸ਼ੱਕ ਪੁਲੀਸ ਨੇ ਮੇਲਾ ਪ੍ਰਬੰਧਕਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ ਪਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਵੱਖ-ਵੱਖ ਵਿਭਾਗਾਂ ਨੇ ਜ਼ਮੀਨੀ ਹਕੀਕਤ ਦਾ ਪਤਾ ਲਗਾਉਣ ਤੋਂ ਬਿਨਾਂ ਹੀ ਪ੍ਰਬੰਧਕਾਂ ਨੂੰ ਮੇਲਾ ਲਗਾਉਣ ਦੀ ਇਜਾਜ਼ਤ ਦੇ ਦਿੱਤੀ। ਉੱਥੇ ਪਾਰਕਿੰਗ ਦਾ ਸਹੀ ਪ੍ਰਬੰਧ ਨਹੀਂ ਸੀ ਅਤੇ ਨਾ ਹੀ ਐਂਬੂਲੈਂਸ ਅਤੇ ਅੱਗ ਬੁਝਾਊ ਯੰਤਰ ਸਨ। ਇਹੀ ਨਹੀਂ ਮੇਲਾ ਲੱਗਣ ਤੋਂ ਬਾਅਦ ਵੀ ਕਿਸੇ ਅਧਿਕਾਰੀ ਨੇ ਮੌਕੇ ’ਤੇ ਜਾ ਕੇ ਨਿਰੀਖਣ ਕਰਨ ਦੀ ਖੇਚਲ ਨਹੀਂ ਕੀਤੀ।
ਇਨ੍ਹਾਂ ਵਿਭਾਗਾਂ ਨੇ ਜਾਰੀ ਕੀਤੀ ਸੀ ਐੱਨਓਸੀ
ਮੇਲੇ ਦੀ ਪ੍ਰਬੰਧਕ ਮੁਕੇਸ਼ ਐਂਡ ਕੰਪਨੀ ਰਾਜਸਥਾਨ ਦੇ ਜੈਪੁਰ ਸ਼ਹਿਰ ਨਾਲ ਸਬੰਧਤ ਹੈ ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੀ 29 ਜੁਲਾਈ ਨੂੰ ਦਸਹਿਰਾ ਮੈਦਾਨ ਫੇਜ਼-8 ਵਿੱਚ 6 ਅਗਸਤ ਤੋਂ 5 ਸਤੰਬਰ ਤੱਕ ਮੇਲਾ ਲਗਾਉਣ ਦੀ ਇਜਾਜ਼ਤ ਦਿੱਤੀ ਗਈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸਐਸਪੀ, ਨਗਰ ਨਿਗਮ ਦੇ ਕਮਿਸ਼ਨਰ, ਐਸਡੀਐਮ, ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ, ਗਮਾਡਾ, ਸਿਵਲ ਸਰਜਨ ਅਤੇ ਫਾਇਰ ਬ੍ਰਿਗੇਡ ਤੋਂ ਰਿਪੋਰਟਾਂ ਹਾਸਲ ਕੀਤੇ ਜਾਣ ਤੋਂ ਬਾਅਦ ਇਜਾਜ਼ਤ ਦਿੱਤੀ ਗਈ ਸੀ ਅਤੇ ਇਨ੍ਹਾਂ ਸਾਰੇ ਵਿਭਾਗਾਂ ਵੱਲੋਂ ਐਨਓਸੀ ਦੇਣ ਮਗਰੋਂ ਹੀ ਮੇਲਾ ਲੱਗਿਆ ਸੀ।
ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਡੀਸੀ ਤੋਂ ਰਿਪੋਰਟ ਤਲਬ
ਇਸ ਹਾਦਸੇ ਦਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ। ਇਸ ਸਬੰਧੀ ਜਸਟਿਸ ਨਿਰਮਲਜੀਤ ਕੌਰ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਤਲਬ ਕੀਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 17 ਨਵੰਬਰ ਦਾ ਦਿਨ ਨਿਰਧਾਰਿਤ ਕੀਤਾ ਗਿਆ ਹੈ।