ਪੱਤਰ ਪ੍ਰੇਰਕ
ਚੰਡੀਗੜ੍ਹ, 5 ਦਸੰਬਰ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 32 (ਸੈਕਟਰ 44 ਤੇ 51) ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਸਾਂਝੇ ਨੌਜਵਾਨ ਉਮੀਦਵਾਰ ਪਰਜਿੰਦਰ ਸਿੰਘ ਲਾਲੀ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਸਮਾਜ ਸੇਵੀ ਅਤੇ ਗੁਰਦੁਆਰਾ ਸਾਹਿਬ ਸੈਕਟਰ 44ਏ ਚੰਡੀਗੜ੍ਹ ਦੇ ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਇੰਦਰਪਾਲ ਕੌਰ ਜੌਹਰ ਵੱਲੋਂ ਵੀ ਸਮਰਥਨ ਦਿੱਤਾ ਗਿਆ।
ਬੀਬੀ ਜੌਹਰ ਨੇ ਅਕਾਲੀ ਉਮੀਦਵਾਰ ਲਾਲੀ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਲਈ ਪੂਰਾ ਜ਼ੋਰ ਲਗਾ ਦਿੱਤਾ ਜਾਵੇਗਾ। ਉਨ੍ਹਾਂ ਵਾਰਡ ਦੇ ਹੋਰਨਾਂ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਪਰਜਿੰਦਰ ਸਿੰਘ ਲਾਲੀ ਵਰਗੇ ਅਗਾਂਹਵਧੂ ਸੋਚ ਵਾਲੇ ਨੌਜਵਾਨਾਂ ਨੂੰ ਹੀ ਕੌਂਸਲਰ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਆਪਣੇ ਵਾਰਡ ਦੇ ਲੋਕਾਂ ਦੀ ਹਰ ਸਮੱਸਿਆ ਅਤੇ ਸ਼ਹਿਰ ਦੀ ਬਿਹਤਰੀ ਲਈ ਵਧੀਆ ਕੰਮ ਕਰ ਸਕਣ। ਇਸ ਮੌਕੇ ’ਤੇ ਹਾਜ਼ਰ ਪਰਮਜੀਤ ਕੌਰ, ਜਸਵੀਰ ਕੌਰ, ਚਰਨਜੀਤ ਕੌਰ, ਮਨਜੀਤ ਕੌਰ, ਦਲਜੀਤ ਕੌਰ ਆਦਿ ਨੇ ਵੀ ਬੀਬੀ ਜੌਹਰ ਨਾਲ ਉਮੀਦਵਾਰ ਲਾਲੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਚੋਣ ਪ੍ਰਚਾਰ ਵਿੱਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ।
ਅਕਾਲੀ-ਬਸਪਾ ਉਮੀਦਵਾਰ ਹਰਦੀਪ ਬੁਟੇਰਲਾ ਵੱਲੋਂ ਚੋਣ ਪ੍ਰਚਾਰ
ਚੰਡੀਗੜ੍ਹ (ਪੱਤਰ ਪ੍ਰੇਰਕ): ਚੰਡੀਗੜ੍ਹ ਨਗਰ ਨਿਗਮ ਦੀਆਂ 24 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਵਾਰਡ ਨੰਬਰ 30 ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਬੁਟੇਰਲਾ ਨੇ ਚੋਣ ਪ੍ਰਚਾਰ ਭਖਾ ਦਿੱਤਾ ਹੈ ਜਿਸ ਦੇ ਚਲਦਿਆਂ ਉਨ੍ਹਾਂ ਸੈਕਟਰ 41-ਡੀ ਦੇ ਮਕਾਨ ਨੰਬਰ 3001 ਤੋਂ 3134 ਤੱਕ ਲੋਕਾਂ ਦੇ ਘਰੋਂ-ਘਰੀਂ ਜਾ ਕੇ ਆਪਣੇ ਵੱਲੋਂ ਪਹਿਲਾਂ ਕੀਤੇ ਗਏ ਕੰਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਭਵਿੱਖ ਵਿੱਚ ਵੀ ਇਸੇ ਪ੍ਰਕਾਰ ਕੰਮਾਂ ਦੀ ਲੜੀ ਜਾਰੀ ਰੱਖਣ ਦਾ ਵਾਅਦਾ ਕੀਤਾ।