ਪੀਪੀ ਵਰਮਾ
ਪੰਚਕੂਲਾ, 6 ਮਈ
ਸਰਕਸ ਚਲਾ ਕੇ ਆਪਣਾ ਢਿੱਡ ਭਰਨ ਵਾਲੇ ਜੋਕਰਾਂ ਦਾ ਭਵਿੱਖ ਖ਼ਤਰੇ ਵਿੱਚ ਹੈ ਕਿਉਂਕਿ ਲੋਕ ਸਰਕਸਾਂ ਵੇਖਣ ਭੁੱਲ ਗਏ ਹਨ। ਇਸ ਸਬੰਧੀ ਤਾਮਿਲਨਾਡੂ ਦੇ ਆਰ.ਮੁਰਗਨ ਅਤੇ ਚੰਦਨ ਨੇ ਇੱਕ ਮੁਲਾਕਾਤ ਵਿੱਚ ਦੱਸਿਆ ਕਿ ਜੇਕਰ ਭਵਿੱਖ ਵਿੱਚ ਸਰਕਸਾਂ ਨਾ ਚੱਲੀਆਂ ਤਾਂ ਉਹ ਹੋਟਲਾਂ ਅਤੇ ਮੈਰਿਜ ਪੈਲਸਾਂ ਦੇ ਬਾਹਰ ਆਉਣ-ਜਾਣ ਵਾਲਿਆਂ ਨੂੰ ਸਲੂਟ ਮਾਰਨ ਦਾ ਕੰਮ ਹੀ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਣਗੇ। ਮੁਰਗਨ ਨੇ ਦੱਸਿਆ ਕਿ ਉਹ ਪਿਛਲੇ 35 ਸਾਲ ਤੋਂ ਆਪਣੇ ਪ੍ਰਦੇਸ਼ ਨਹੀਂ ਗਿਆ। ਮੁਰਗਨ ਸਿਰਫ ਤਿੰਨ ਫੁੱਟ ਦਾ ਹੈ ਅਤੇ ਆਪਣੀ 65 ਸਾਲ ਦੀ ਉਮਰ ਵਿੱਚੋਂ ਉਹ 40 ਸਾਲ ਸਰਕਸ ਵਿੱਚ ਲਗਾ ਚੁੱਕਾ ਹੈ। ਉਸ ਅਨੁਸਾਰ ਉਹ ਇਸ ਉਮਰ ਵਿੱਚ ਲੋਕਾਂ ਨੂੰ ਹਸਾ-ਹਸਾ ਕੇ ਥੱਕ ਚੁੱਕਾ ਹੈ ਅਤੇ ਅੰਦਰੋਂ ਉਦਾਸ ਹੈ ਕਿਉਂਕਿ ਉਸਦਾ ਦੂਜਾ ਸਾਥੀ ਚਰਨ ਸਿੰਘ ਕਰੋਨਾ ਮਹਾਮਾਰੀ ਦੌਰਾਨ ਬੇਰੁਜ਼ਗਾਰੀ ਵਿੱਚ ਮਰ ਗਿਆ। ਚੰਦਨ ਜੋਕਰ ਨੇ ਦੱਸਿਆ ਕਿ ਬੀਤੇ ਦੋ ਸਾਲਾਂ ਤੋਂ ਸਰਕਸਾਂ ਕਰੋਨਾ ਕਾਲ ਕਾਰਨ ਬੰਦ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਸ ਦਿਖਾਉਣ ਤਾਂ ਜੋ ਉਨ੍ਹਾਂ ਦਾ ਰੁਜ਼ਗਾਰ ਚਲਦਾ ਰਹੇ।